6ਵੇਂ ਪੜਾਅ ਦੀ ਵੋਟਿੰਗ ’ਚ ਵੀ ਔਰਤਾਂ ਨੇ ਮਾਰੀ ਬਾਜ਼ੀ
Thursday, May 30, 2024 - 05:46 PM (IST)
ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੇ 6ਵੇਂ ਪੜਾਅ ’ਚ ਵੀ ਮਹਿਲਾ ਵੋਟਰਾਂ ਨੇ ਵੋਟਿੰਗ ਦੇ ਮਾਮਲੇ ਵਿਚ ਮਰਦ ਵੋਟਰਾਂ ਨੂੰ ਪਛਾੜ ਦਿੱਤਾ ਹੈ। 6ਵੇਂ ਪੜਾਅ ’ਚ 58 ਸੀਟਾਂ ’ਤੇ ਹੋਈ ਵੋਟਿੰਗ ’ਚ ਮਹਿਲਾ ਵੋਟਰਾਂ ਦੀ ਵੋਟ ਫੀਸਦੀ 64.95 ਰਹੀ, ਜਦਕਿ ਇਸ ਪੜਾਅ ’ਚ ਮਰਦਾਂ ਦੀ ਵੋਟ ਫੀਸਦੀ 61.95 ਅਤੇ ਥਰਡ ਜੈਂਡਰ ਦੀ ਵੋਟ ਫੀਸਦੀ 18.67 ਰਹੀ। ਇਸ ਤੋਂ ਪਹਿਲਾਂ 5ਵੇਂ ਪੜਾਅ ’ਚ 49 ਲੋਕ ਸਭਾ ਸੀਟਾਂ ’ਤੇ ਹੋਈ ਵੋਟਿੰਗ ’ਚ ਔਰਤਾਂ ਨੇ ਮਰਦਾਂ ਨੂੰ ਪਛਾੜ ਦਿੱਤਾ ਸੀ। 5ਵੇਂ ਪੜਾਅ ’ਚ ਔਰਤਾਂ ਦੀ ਵੋਟ ਫੀਸਦੀ 63 ਫੀਸਦੀ ਅਤੇ ਮਰਦਾਂ ਦੀ ਵੋਟ ਫੀਸਦੀ 61.48 ਫੀਸਦੀ ਰਹੀ। ਭਾਵੇਂ ਚੋਣਾਂ ਦੇ ਪਹਿਲੇ ਚਾਰ ਪੜਾਵਾਂ ’ਚ ਮਰਦ ਵੋਟਰਾਂ ਦੀ ਵੋਟ ਫੀਸਦੀ ਔਰਤਾਂ ਨਾਲੋਂ ਵੱਧ ਸੀ ਪਰ ਹੁਣ 5ਵੇਂ ਅਤੇ 6ਵੇਂ ਪੜਾਅ ’ਚ ਔਰਤਾਂ ਵੱਡੀ ਗਿਣਤੀ ’ਚ ਵੋਟਿੰਗ ਕਰ ਰਹੀਆਂ ਹਨ। ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਔਰਤਾਂ ਦੀ ਵੋਟ ਫੀਸਦੀ 67.18 ਫੀਸਦੀ ਰਹੀ ਸੀ, ਜਦਕਿ 67.02 ਫੀਸਦੀ ਮਰਦਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ ਸੀ।
6ਵੇਂ ਪੜਾਅ ’ਚ ਹਰਿਆਣਾ, ਜੰਮੂ-ਕਸ਼ਮੀਰ ਅਤੇ ਦਿੱਲੀ ’ਚ ਮਰਦਾਂ ਦੀ ਵੋਟਿੰਗ ਔਰਤਾਂ ਦੇ ਮੁਕਾਬਲੇ ਜ਼ਿਆਦਾ ਰਹੀ ਪਰ ਬਾਕੀ ਸੂਬਿਆਂ ’ਚ ਵੋਟਿੰਗ ਦੇ ਮਾਮਲੇ ’ਚ ਔਰਤਾਂ ਨੇ ਬਾਜ਼ੀ ਮਾਰੀ ਹੈ। ਇਸ ਪੜਾਅ ’ਚ ਪੱਛਮੀ ਬੰਗਾਲ ਦੀਆਂ 8 ਸੀਟਾਂ ’ਤੇ ਸਭ ਤੋਂ ਵੱਧ 83.83 ਫੀਸਦੀ ਔਰਤਾਂ ਨੇ ਵੋਟਿੰਗ ਕੀਤੀ। ਇਸ ਦੌਰਾਨ ਇਥੇ ਮਰਦਾਂ ਦੀ ਵੋਟ ਫੀਸਦੀ 81.62 ਰਹੀ, ਜਦਕਿ ਓਡਿਸ਼ਾ ਦੀਆਂ 6 ਸੀਟਾਂ ’ਤੇ ਔਰਤਾਂ ਦੀ ਵੋਟ ਫੀਸਦੀ 74.86 ਅਤੇ ਮਰਦਾਂ ਦੀ ਵੋਟ ਫੀਸਦੀ 74.07 ਰਹੀ। ਬਿਹਾਰ ’ਚ ਮਹਿਲਾ ਅਤੇ ਮਰਦ ਵੋਟਰਾਂ ’ਚ ਵੱਡਾ ਫਰਕ ਦੇਖਣ ਨੂੰ ਮਿਲਿਆ, ਇੱਥੇ 62.95 ਮਹਿਲਾ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ, ਜਦਕਿ ਬਿਹਾਰ ਦੀਆਂ 8 ਸੀਟਾਂ ’ਤੇ ਮਰਦਾਂ ਦੀ ਵੋਟ ਫੀਸਦੀ 51.95 ਰਹੀ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ’ਚ ਔਰਤਾਂ ਦੀ ਵੋਟ ਫੀਸਦੀ 57.12 ਅਤੇ ਮਰਦਾਂ ਦੀ ਵੋਟ ਫੀਸਦੀ 51.31 ਰਹੀ। ਝਾਰਖੰਡ ’ਚ 65.94 ਫੀਸਦੀ ਔਰਤਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ, ਜਦਕਿ ਮਰਦਾਂ ਦੀ ਵੋਟ ਫੀਸਦੀ 64.87 ਫੀਸਦੀ ਸੀ।
6 ਪੜਾਅ ਦੇ ਵੋਟਰਾਂ ਦਾ ਵੋਟ ਫ਼ੀਸਦੀ
19 ਅਪ੍ਰੈਲ
ਪਹਿਲਾ ਪੜਾਅ 102 ਸੀਟਾਂ
ਮਰਦ- 66.22 ਫ਼ੀਸਦੀ
ਮਹਿਲਾ- 66.07 ਫ਼ੀਸਦੀ
ਥਰਡ ਜੈਂਡਰ- 31.32 ਫ਼ੀਸਦੀ
ਕੁੱਲ- 66.14 ਫ਼ੀਸਦੀ
26 ਅਪ੍ਰੈਲ
ਦੂਜਾ ਪੜਾਅ 88 ਸੀਟਾਂ
ਮਰਦ- 66.99 ਫ਼ੀਸਦੀ
ਮਹਿਲਾ- 66.42 ਫ਼ੀਸਦੀ
ਥਰਡ ਜੈਂਡਰ- 23.82 ਫ਼ੀਸਦੀ
ਕੁੱਲ- 66.71 ਫ਼ੀਸਦੀ
7 ਮਈ
ਤੀਜਾ ਪੜਾਅ 93 ਸੀਟਾਂ
ਮਰਦ- 66.89 ਫ਼ੀਸਦੀ
ਮਹਿਲਾ- 64.41 ਫ਼ੀਸਦੀ
ਥਰਡ ਜੈਂਡਰ- 25.20 ਫ਼ੀਸਦੀ
ਕੁੱਲ- 65.68 ਫ਼ੀਸਦੀ
13 ਮਈ
ਚੌਥਾ ਪੜਾਅ 96 ਸੀਟਾਂ
ਮਰਦ- 69.48 ਫ਼ੀਸਦੀ
ਮਹਿਲਾ- 68.73 ਫ਼ੀਸਦੀ
ਥਰਡ ਜੈਂਡਰ- 34.23 ਫ਼ੀਸਦੀ
ਕੁੱਲ- 69.16 ਫ਼ੀਸਦੀ
20 ਮਈ
5ਵਾਂ ਪੜਾਅ 49 ਸੀਟਾਂ
ਮਰਦ- 61.48 ਫ਼ੀਸਦੀ
ਮਹਿਲਾ- 63.00 ਫ਼ੀਸਦੀ
ਥਰਡ ਜੈਂਡਰ- 21.96 ਫ਼ੀਸਦੀ
ਕੁੱਲ- 62.20 ਫ਼ੀਸਦੀ
25 ਮਈ
6ਵਾਂ ਪੜਾਅ 58 ਸੀਟਾਂ
ਮਰਦ- 61.95 ਫ਼ੀਸਦੀ
ਮਹਿਲਾ- 64.95 ਫ਼ੀਸਦੀ
ਥਰਡ ਜੈਂਡਰ- 18.67 ਫ਼ੀਸਦੀ
ਕੁੱਲ- 63.37 ਫ਼ੀਸਦੀ