ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਦਾ ਪੁਰਾਣਾ ਦਾਅ ਪੇਚ
Sunday, Feb 17, 2019 - 05:42 PM (IST)
ਨਵੀਂ ਦਿੱਲੀ (ਭਾਸ਼ਾ)— ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿਧਾਨ ਸਭਾ ਚੋਣਾਂ ਵਿਚ ਰੋਜ਼ਗਾਰ ਦੇ ਮੁੱਦੇ ਨੂੰ ਜ਼ੋਰਾਂ-ਸ਼ੋਰਾਂ ਨਾਲ ਚੁੱਕਣ 'ਤੇ ਮਿਲੀ ਸਫਲਤਾ ਦੇ ਮੱਦੇਨਜ਼ਰ ਕਾਂਗਰਸ ਹੁਣ ਲੋਕ ਸਭਾ ਚੋਣਾਂ ਨੂੰ ਲੈ ਕੇ ਵੀ ਦਾਅ ਪੇਚ ਲਾ ਰਹੀ ਹੈ। ਪਾਰਟੀ ਦੇਸ਼ ਭਰ ਦੇ ਨੌਜਵਾਨਾਂ ਨਾਲ ਸੰਪਕਰ ਕਰਨ ਅਤੇ ਉਨ੍ਹਾਂ ਤੋਂ ਆਪਣੀ ਸਰਕਾਰ ਬਣਨ 'ਤੇ ਰੋਜ਼ਗਾਰ ਸਬੰਧੀ ਮਦਦ ਦਾ ਵਾਅਦਾ ਕਰਨ ਜਾ ਰਹੀ ਹੈ। ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਹਾਲ ਹੀ 'ਚ ਕਾਂਗਰਸ ਦੇ ਵਿਭਾਗਾਂ ਅਤੇ ਸੰਗਠਨਾਂ ਨਾਲ ਬੈਠਕ ਵਿਚ ਭਾਰਤੀ ਯੁਵਾ ਕਾਂਗਰਸ ਨੂੰ 'ਚਲੋ ਪੰਚਾਇਤ' ਮੁਹਿੰਮ ਤਹਿਤ ਘਰ-ਘਰ ਜਾ ਕੇ ਨੌਜਵਾਨਾਂ ਨਾਲ ਸੰਪਰਕ ਕਾਇਮ ਕਰਨ ਅਤੇ ਪਾਰਟੀ ਦੇ ਪੱਖ ਵਿਚ ਉਨ੍ਹਾਂ ਨੂੰ ਇਕੱਠੇ ਕਰਨ ਨੂੰ ਕਿਹਾ।
ਰਾਹੁਲ ਗਾਂਧੀ ਦੇ ਨਿਰਦੇਸ਼ 'ਤੇ ਅਮਲ ਕਰਦੇ ਹੋਏ ਯੁਵਾ ਕਾਂਗਰਸ ਨੇ ਫੈਸਲਾ ਕੀਤਾ ਹੈ ਕਿ ਉਹ ਛੇਤੀ ਹੀ ਘਰ-ਘਰ ਜਾ ਕੇ ਬੇਰੋਜ਼ਗਾਰ ਨੌਜਵਾਨਾਂ ਤੋਂ ਰੋਜ਼ਗਾਰ ਫਾਰਮ ਭਰਵਾਏਗੀ ਅਤੇ ਉਨ੍ਹਾਂ ਤੋਂ ਕਾਂਗਰਸ ਦੀ ਸਰਕਾਰ ਬਣਨ 'ਤੇ ਰੋਜ਼ਗਾਰ ਸਬੰਧੀ ਮਦਦ ਜਾਂ ਬੇਰੋਜ਼ਗਾਰੀ ਭੱਤੇ ਦਾ ਵਾਅਦਾ ਕਰੇਗੀ। ਪਾਰਟੀ ਦੀ ਕੋਸ਼ਿਸ਼ ਹੋਵੇਗੀ ਕਿ ਅਸੀਂ ਦੇਸ਼ ਦੇ ਹਰ ਘਰ ਅਤੇ ਨੌਜਵਾਨਾਂ ਤਕ ਪਹੁੰਚੀਏ। ਦਰਅਸਲ ਕਾਂਗਰਸ ਨੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਤੋਂ ਇਸ ਤਰ੍ਹਾਂ ਦੇ ਰੋਜ਼ਗਾਰ ਫਾਰਮ ਭਰਵਾਏ ਸਨ ਅਤੇ ਰੋਜ਼ਗਾਰ ਨਾਲ ਜੁੜੀ ਮਦਦ ਦਾ ਵਾਅਦਾ ਕੀਤਾ ਸੀ।