ਮੋਦੀ ਸਰਕਾਰ ਖ਼ਿਲਾਫ਼ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਨੂੰ ਲੋਕ ਸਭਾ ਸਪੀਕਰ ਨੇ ਦਿੱਤੀ ਮਨਜ਼ੂਰੀ
Wednesday, Jul 26, 2023 - 01:45 PM (IST)
ਨਵੀਂ ਦਿੱਲੀ- ਮਣੀਪੁਰ ਹਿੰਸਾ ਨੂੰ ਲੈ ਕੇ ਸੰਸਦ ਦੇ ਮਾਨਸੂਨ ਸੈਸ਼ਨ 'ਚ ਵਿਰੋਧੀ ਧਿਰ ਮੋਦੀ ਸਰਕਾਰ ਨੂੰ ਘੇਰ ਰਹੀ ਹੈ। ਇਸ ਦਰਮਿਆਨ ਲੋਕ ਸਭਾ 'ਚ ਕਾਂਗਰਸ ਵਲੋਂ ਲਿਆਂਦੇ ਗਏ ਬੇਭਰੋਸਗੀ ਮਤੇ ਨੂੰ ਮਨਜ਼ੂਰੀ ਮਿਲ ਗਈ ਹੈ, ਜਿਸ 'ਤੇ ਚਰਚਾ ਲਈ ਤਾਰੀਖ਼ ਬਾਅਦ 'ਚ ਤੈਅ ਕੀਤੀ ਜਾਵੇਗੀ। ਸਦਨ 'ਚ ਕਾਂਗਰਸ ਦੇ ਉਪ ਨੇਤਾ ਗੌਰਵ ਗੋਗੋਈ ਵਲੋਂ ਪੇਸ਼ ਇਸ ਮਤੇ ਨੂੰ ਲੋਕ ਸਭਾ ਸਪੀਕਰ ਨੇ ਮਨਜ਼ੂਰੀ ਦਿੱਤੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਉਹ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨਾਲ ਗੱਲਬਾਤ ਕਰ ਕੇ ਇਸ 'ਤੇ ਚਰਚਾ ਦੀ ਤਾਰੀਖ਼ ਬਾਰੇ ਜਾਣੂ ਕਰਾਉਣਗੇ।
ਇਹ ਵੀ ਪੜ੍ਹੋ- ਗੀਤਿਕਾ ਸ਼ਰਮਾ ਖੁਦਕੁਸ਼ੀ ਕੇਸ: ਹਰਿਆਣਾ ਦੇ ਸਾਬਕਾ ਮੰਤਰੀ ਗੋਪਾਲ ਕਾਂਡਾ ਨੂੰ ਅਦਾਲਤ ਨੇ ਕੀਤਾ ਬਰੀ
ਬੇਭਰੋਸਗੀ ਮਤੇ 'ਤੇ ਚਰਚਾ ਲਈ ਮਨਜ਼ੂਰੀ ਮਿਲਣ ਮਗਰੋਂ ਵਿਰੋਧੀ ਧਿਰ ਦੇ ਕੁਝ ਮੈਂਬਰਾਂ ਨੇ 'ਚੱਕ ਦੇ ਇੰਡੀਆ' ਦਾ ਨਾਅਰਾ ਲਾਇਆ। ਦੱਸ ਦੇਈਏ ਕਿ ਵਿਰੋਧੀ ਧਿਰ ਦੇ ਗਠਜੋੜ 'ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ' (ਇੰਡੀਆ) ਦੀ ਮੰਗਲਵਾਰ ਨੂੰ ਹੋਈ ਬੈਠਕ ਵਿਚ ਕੇਂਦਰ ਸਰਕਾਰ ਖ਼ਿਲਾਫ ਬੇਭਰੋਸਗੀ ਮਤਾ ਲਾਉਣ ਬਾਰੇ ਫ਼ੈਸਲਾ ਹੋਇਆ ਸੀ। ਦਰਅਸਲ ਕਾਂਗਰਸ ਅਤੇ ਵਿਰੋਧੀ ਧਿਰ ਦੇ ਗਠਜੋੜ 'ਇੰਡੀਆ' ਦੀਆਂ ਹੋਰ ਪਾਰਟੀਆਂ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਤੋਂ ਹੀ ਮਣੀਪੁਰ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸੰਸਦ ਵਿਚ ਬਿਆਨ ਦੇਣ ਅਤੇ ਚਰਚਾ ਕਰਾਉਣ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ- ਕਾਰਗਿਲ ਵਿਜੇ ਦਿਵਸ: ਬਹਾਦਰ ਵੀਰ ਸਪੂਤਾਂ ਨੂੰ ਸਲਾਮ, ਜਿਨ੍ਹਾਂ ਨੇ ਪਾਕਿਸਤਾਨੀ ਫ਼ੌਜੀਆਂ ਨੂੰ ਚਟਾਈ ਧੂੜ
ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਨੇ ਮਣੀਪੁਰ 'ਚ ਵਾਪਰੀ ਘਟਨਾ 'ਤੇ ਗੁੱਸਾ ਜ਼ਾਹਰ ਕਰਦੇ ਹੋਏ 20 ਜੁਲਾਈ ਨੂੰ ਸੰਸਦ ਭਵਨ ਕੰਪਲੈਕਸ 'ਚ ਕਿਹਾ ਸੀ ਕਿ ਇਹ ਘਟਨਾ ਕਿਸੇ ਵੀ ਸੱਭਿਅਕ ਸਮਾਜ ਲਈ ਸ਼ਰਮਨਾਕ ਹੈ ਅਤੇ ਇਸ ਨੇ ਪੂਰੇ ਦੇਸ਼ ਨੂੰ ਬਦਨਾਮ ਕੀਤਾ ਹੈ। ਸੰਸਦ ਦੇ ਮਾਨਸੂਨ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਵਿਚ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਇਕ ਤੋਂ ਬਾਅਦ ਇਕ ਕਦਮ ਦੀ ਸਖ਼ਤੀ ਨਾਲ ਪਾਲਣਾ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8