ਦਿੱਲੀ ''ਤੇ ਟਿੱਡੀ ਦਲ ਹਮਲੇ ਦਾ ਖ਼ਤਰਾ, ਵਾਤਾਵਰਣ ਮੰਤਰੀ ਨੇ ਬੁਲਾਈ ਐਮਰਜੈਂਸੀ ਬੈਠਕ

Saturday, Jun 27, 2020 - 04:19 PM (IST)

ਦਿੱਲੀ ''ਤੇ ਟਿੱਡੀ ਦਲ ਹਮਲੇ ਦਾ ਖ਼ਤਰਾ, ਵਾਤਾਵਰਣ ਮੰਤਰੀ ਨੇ ਬੁਲਾਈ ਐਮਰਜੈਂਸੀ ਬੈਠਕ

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਗੁਆਂਢੀ ਸੂਬੇ ਹਰਿਆਣਾ ਦੇ ਗੁਰੂਗ੍ਰਾਮ ਵਿਚ ਟਿੱਡੀ ਦਲ ਦੇ ਹਮਲੇ ਨੂੰ ਦੇਖਦਿਆਂ ਸ਼ਨੀਵਾਰ ਨੂੰ ਇਕ ਐਮਰਜੈਂਸੀ ਬੈਠਕ ਬੁਲਾਈ। ਅਧਿਕਾਰੀਆਂ ਨੇ ਦੱਸਿਆ ਕਿ ਮੰਤਰੀ ਨੇ ਪ੍ਰਸ਼ਾਸਨ ਨੂੰ ਸੁਚੇਤ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਰਾਏ ਨੇ ਇਕ ਨਿਊਜ਼ ਏਜੰਸੀ ਨੂੰ ਕਿਹਾ ਕਿ ਐਮਰਜੈਂਸੀ ਬੈਠਕ ਤੋਂ ਬਾਅਦ ਸਥਿਤੀ ਨਾਲ ਨਜਿੱਠਣ ਲਈ ਚੁੱਕੇ ਜਾਣ ਵਾਲੇ ਕਦਮਾਂ 'ਤੇ ਇਕ ਸਲਾਹ ਜਾਰੀ ਕੀਤੀ ਜਾਵੇਗੀ। ਉਨ੍ਹਾਂ ਨੇ ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਨੂੰ ਗੁਰੂਗ੍ਰਾਮ ਦੇ ਨੇੜਲੇ ਇਲਾਕਿਆਂ ਦਾ ਦੌਰਾ ਕਰਨ ਦੇ ਨਿਰਦੇਸ਼ ਦਿੱਤੇ। ਅਧਿਕਾਰੀਆਂ ਨੇ ਦੱਸਿਆ ਕਿ ਵਿਕਾਸ ਸਕੱਤਰ, ਡਵੀਜ਼ਨ ਕਮਿਸ਼ਨਰ, ਡਾਇਰੈਕਟਰ, ਖੇਤੀਬਾੜੀ ਮਹਿਕਮੇ ਅਤੇ ਦੱਖਣੀ ਤੇ ਪੱਛਮੀ ਦਿੱਲੀ ਦੇ ਜ਼ਿਲਾ ਮੈਜਿਸਟ੍ਰੇਟ ਬੈਠਕ ਵਿਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਦਿਨ 'ਚ ਟਿੱਡੀ ਦਲ ਹਰਿਆਣਾ ਦੇ ਗੁਰੂਗ੍ਰਾਮ ਪਹੁੰਚਿਆ ਅਤੇ ਕਈ ਥਾਵਾਂ 'ਤੇ ਆਸਮਾਨ ਵਿਚ ਟਿੱਡੀਆਂ ਦਾ ਜਾਲ ਜਿਹਾ ਛਾ ਗਿਆ। 

PunjabKesari

ਅਧਿਕਾਰੀਆਂ ਨੇ ਕਿਹਾ ਕਿ ਫਿਲਹਾਲ ਇਨ੍ਹਾਂ ਦੇ ਰਾਸ਼ਟਰੀ ਰਾਜਧਾਨੀ ਦਾ ਰੁਖ਼ ਕਰਨ ਦੇ ਆਸਾਰ ਨਹੀਂ ਹਨ। ਕਰੀਬ ਦੋ ਕਿਲੋਮੀਟਰ ਵਿਚ ਫੈਲੇ ਟਿੱਡੀ ਦਲ ਉੱਪ ਨਗਰੀ ਸ਼ਹਿਰ ਨੂੰ ਪਾਰ ਕਰਦੇ ਹੋਏ ਦਿੱਲੀ-ਗੁਰੂਗ੍ਰਾਮ ਸਰਹੱਦ 'ਤੇ ਪਹੁੰਚੇ ਪਰ ਦਿੱਲੀ ਦਾ ਰੁਖ਼ ਨਹੀਂ ਕੀਤਾ। ਟਿੱਡੀ ਚਿਤਾਵਨੀ ਸੰਗਠਨ, ਖੇਤੀਬਾੜੀ ਮੰਤਰਾਲਾ ਨਾਲ ਜੁੜੇ ਐੱਲ, ਗੁੱਜਰ ਨੇ ਕਿਹਾ ਕਿ ਟਿੱਡੀ ਦਲ ਪੱਛਮ ਤੋਂ ਪੂਰਬ ਵੱਲ ਆਏ ਹਨ। ਇਨ੍ਹਾਂ ਨੇ ਦੁਪਹਿਰ 11:30 ਵਜੇ ਗੁਰੂਗ੍ਰਾਮ ਵਿਚ ਐਂਟਰੀ ਕੀਤੀ। ਉਨ੍ਹਾਂ ਦੱਸਿਆ ਕਿ ਟਿੱਡੀ ਦਲ ਬਾਅਦ ਵਿਚ ਹਰਿਆਣਾ ਦੇ ਪਲਵਲ ਵੱਲ ਵਧ ਰਹੇ ਹਨ। ਗੁਰੂਗ੍ਰਾਮ ਦੇ ਕਈ ਵਾਸੀਆਂ ਨੇ ਉੱਚੀਆਂ ਇਮਾਰਤਾਂ ਤੋਂ ਟਿੱਡੀਆਂ ਦੇ ਦਰੱਖਤਾਂ-ਬੂਟਿਆਂ 'ਤੇ ਅਤੇ ਮਕਾਨਾਂ ਦੀਆਂ ਛੱਤਾਂ 'ਤੇ ਫੈਲ ਜਾਣ ਦੀ ਵੀਡੀਓ ਸਾਂਝੀ ਕੀਤੀ। ਜ਼ਿਕਰਯੋਗ ਹੈ ਕਿ ਮਈ ਵਿਚ ਦੇਸ਼ 'ਚ ਟਿੱਡੀ ਦਲਾਂ ਨੇ ਪਹਿਲਾਂ ਰਾਜਸਥਾਨ ਵਿਚ ਹਮਲਾ ਕੀਤਾ। ਇਸ ਤੋਂ ਬਾਅਦ ਇਨ੍ਹਾਂ ਪੰਜਾਬ, ਗੁਜਰਾਤ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿਚ ਫਸਲਾਂ ਨੂੰ ਨੁਕਸਾਨ ਪਹੁੰਚਾਇਆ।


author

Tanu

Content Editor

Related News