ਰੇਲਗੱਡੀ ਅੱਗੇ ਆ ਗਏ ਸ਼ੇਰ, ਲੋਕੋ ਪਾਇਲਟ ਨੇ ਇੰਝ ਬਚਾਈ ਜਾਨ
Tuesday, Aug 20, 2024 - 06:02 PM (IST)
ਗੁਜਰਾਤ- ਗੁਜਰਾਤ ਦੇ ਅਮਰੇਲੀ ਜ਼ਿਲ੍ਹੇ 'ਚ ਸੋਮਵਾਰ ਸਵੇਰੇ ਦੋ ਸ਼ੇਰ ਰੇਲ ਪਟੜੀ 'ਤੇ ਪਹੁੰਚ ਗਏ। ਉਸੇ ਸਮੇਂ ਇੱਕ ਮਾਲ ਗੱਡੀ ਲੰਘਣ ਵਾਲੀ ਸੀ। ਸੂਚਨਾ ਮਿਲਣ 'ਤੇ ਲੋਕੋ ਪਾਇਲਟਾਂ ਨੇ ਸਿਆਣਪ ਦਿਖਾਉਂਦੇ ਹੋਏ ਮਾਲ ਗੱਡੀ ਨੂੰ ਸਮੇਂ ਸਿਰ ਰੋਕ ਕੇ ਜੰਗਲ ਦੇ ਰਾਜੇ ਦੀ ਜਾਨ ਬਚਾਈ। ਪਿਪਾਵਾਵ ਬੰਦਰਗਾਹ ਨੂੰ ਉੱਤਰੀ ਗੁਜਰਾਤ ਨਾਲ ਜੋੜਨ ਵਾਲੀ ਇਸ ਰੇਲਵੇ ਲਾਈਨ 'ਤੇ ਪਿਛਲੇ ਕੁਝ ਸਾਲਾਂ 'ਚ ਸ਼ੇਰ ਜਾਂ ਤਾਂ ਮਾਰੇ ਗਏ ਹਨ ਜਾਂ ਗੰਭੀਰ ਰੂਪ 'ਚ ਜ਼ਖਮੀ ਹੋਏ ਹਨ।
ਪੱਛਮੀ ਰੇਲਵੇ ਦੇ ਭਾਵਨਗਰ ਡਿਵੀਜ਼ਨ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਘਟਨਾ ਪੀਪਾਵਾਵ-ਰਾਜੁਲਾ ਸੈਕਸ਼ਨ 'ਤੇ ਸਵੇਰੇ ਕਰੀਬ 5.30 ਵਜੇ ਵਾਪਰੀ। ਜਿੱਥੇ ਲੋਕੋ ਪਾਇਲਟ ਵਿਵੇਕ ਵਰਮਾ ਅਤੇ ਸਹਾਇਕ ਲੋਕੋ ਪਾਇਲਟ ਰਾਹੁਲ ਸੋਲੰਕੀ ਮਾਲ ਗੱਡੀ ਚਲਾ ਰਹੇ ਸਨ। ਜੰਗਲਾਤ ਵਿਭਾਗ ਦੇ ਦੋ 'ਟਰੈਕਰਾਂ' ਨੇ ਲਾਲ ਬੱਤੀਆਂ ਜਗਾ ਕੇ ਲੋਕੋ ਪਾਇਲਟ ਨੂੰ ਟਰੈਕ 'ਤੇ ਦੋ ਸ਼ੇਰਾਂ ਦੀ ਮੌਜੂਦਗੀ ਦੀ ਸੂਚਨਾ ਦਿੱਤੀ। ਦੋਵਾਂ ਨੇ ਐਮਰਜੈਂਸੀ ਬ੍ਰੇਕਾਂ ਲਗਾਈਆਂ। ਟਰੇਨ ਰੁਕਣ ਤੋਂ ਬਾਅਦ ਟਰੈਕਰ ਭਰਤਭਾਈ ਅਤੇ ਭੋਲਾਭਾਈ ਪਾਇਲਟ ਕੋਲ ਪਹੁੰਚੇ ਅਤੇ ਉਨ੍ਹਾਂ ਨੂੰ ਪਟੜੀ 'ਤੇ ਬੈਠੇ ਦੋ ਸ਼ੇਰਾਂ ਬਾਰੇ ਦੱਸਿਆ।
ਸ਼ੇਰਾਂ ਦੀ ਜਾਨ ਬਚਾਉਣ ਲਈ ਮਿਲੀ ਸ਼ਾਬਾਸ਼ੀ
ਪੱਛਮੀ ਰੇਲਵੇ ਦੇ ਭਾਵਨਗਰ ਡਿਵੀਜ਼ਨ ਵੱਲੋਂ ਜਾਰੀ ਬਿਆਨ ਅਨੁਸਾਰ ਘਟਨਾ ਵਾਲੀ ਸਵੇਰ ਨੂੰ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨੇ ਦੋ ਸ਼ੇਰਾਂ ਦੀ ਜਾਨ ਬਚਾਉਣ ਵਿੱਚ ਸਮਝਦਾਰੀ ਅਤੇ ਸਾਵਧਾਨੀ ਵਰਤਣ ਲਈ ਦੋਵੇਂ ਲੋਕੋ ਪਾਇਲਟਾਂ ਦੀ ਤਾਰੀਫ਼ ਕੀਤੀ। ਟਰੈਕਰਾਂ ਤੋਂ ਦੋ ਸ਼ੇਰਾਂ ਦੇ ਪਟੜੀ ਤੋਂ ਉਤਰਨ ਤੋਂ ਬਾਅਦ ਹਰੀ ਝੰਡੀ ਮਿਲਣ ਤੋਂ ਬਾਅਦ ਮਾਲ ਗੱਡੀ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਗਈ।