ਲਾਕਡਾਊਨ ’ਚ ਤੇਜ਼ੀ ਨਾਲ ਵਧਣ ਲੱਗੇ ਮਾਨਸਿਕ ਤਣਾਅ ਦੇ ਮਾਮਲੇ

04/05/2020 8:47:39 PM

ਨਵੀਂ ਦਿੱਲੀ (ਇੰਟ.)-ਕੋਰੋਨਾ ਵਾਇਰਸ ਦੀ ਇਨਫੈਕਸ਼ਨ ਕਾਰਣ ਜਾਰੀ ਦੇਸ਼ਵਿਆਪੀ ਲਾਕਡਾਊਨ ਦੌਰਾਨ ਮਾਨਸਿਕ ਤਣਾਅ ਦੇ ਮਾਮਲੇ ਤੇਜ਼ੀ ਨਾਲ ਵਧਣ ਲੱਗੇ ਹਨ। ਵੱਖ-ਵੱਖ ਸੂਬਿਆਂ ’ਚ ਇਸਦੇ ਕਾਰਣ ਘੱਟ ਤੋਂ ਘੱਟ ਇਕ ਦਰਜਨ ਲੋਕਾਂ ਨੇ ਖੁਦਕੁਸ਼ੀ ਕਰ ਲਈ ਹੈ। ਕੇਰਲ ਵਿਚ ਤਾਂ 7 ਲੋਕ ਲਾਕਡਾਊਨ ਕਾਰਣ ਸ਼ਰਾਬ ਨਾ ਮਿਲਣ ਸਬੰਧੀ ਤਣਾਅ ਕਾਰਣ ਜਾਨ ਦੇ ਚੁੱਕੇ ਹਨ। ਕਈ ਦੂਸਰੇ ਸੂਬਿਆਂ ਤੋਂ ਵੀ ਅਜਿਹੀਆਂ ਖਬਰਾਂ ਆ ਰਹੀਆਂ ਹਨ।

ਕਮਾਈ ਠੱਪ ਹੋਣ ਨਾਲ ਤਣਾਅ ਵਿਚ ਹਨ ਤਾਂ ਕੋਈ ਲਗਾਤਾਰ ਘਰ ’ਚ ਬੰਦ ਰਹਿਣ ਕਾਰਣ। ਕਿਸੇ ਨੂੰ ਭਵਿੱਖ ਦੀ ਚਿੰਤਾ ਸਤਾ ਰਹੀ ਹੈ ਤਾਂ ਕਿਸੇ ਨੂੰ ਕਰੀਅਰ ਦੀ। ਇਹੋ ਕਾਰਣ ਹੈ ਕਿ ਹਸਪਤਾਲਾਂ ਦੇ ਮਾਨਸਿਕ ਰੋਗ ਵਿਭਾਗ ’ਚ ਅਜਿਹੇ ਮਰੀਜ਼ਾਂ ਦੀਆਂ ਲਾਈਨਾਂ ਲੰਬੀਆਂ ਹੁੰਦੀਆਂ ਜਾ ਰਹੀਆਂ ਹਨ।

ਪੱਛਮੀ ਬੰਗਾਲ ’ਚ ਇਕ ਨੌਜਵਾਨ ਨੇ ਤਾਂ ਲਾਕਡਾਊਨ ਸ਼ੁਰੂ ਹੋਣ ਦੇ 5 ਦਿਨਾਂ ਬਾਅਦ ਹੀ ਖੁਦਕੁਸ਼ੀ ਕਰ ਲਈ ਸੀ। ਉਸਨੇ ਸੁਸਾਈਡ ਨੋਟ ’ਚ ਲਿਖਿਆ ਕਿ ਉਹ ਮਾਨਸਿਕ ਤਣਾਅ ਕਾਰਣ ਖੁਦਕੁਸ਼ੀ ਕਰ ਰਿਹਾ ਹੈ। ਇਸੇ ਤਰ੍ਹਾਂ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਆਗਰਾ ’ਚ ਆਪਣੀ ਜਾਨ ਦੇ ਦਿੱਤੀ। ਉਸਦਾ ਰੋਜ਼ਗਾਰ ਠੱਪ ਹੋ ਗਿਆ ਸੀ। ਇਕ ਕੋਰੋਨਾ ਪੀੜਤ ਵਿਅਕਤੀ ਨੇ ਦਿੱਲੀ ਦੇ ਸਫਦਰਜੰਗ ਹਸਪਤਾਲ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ। ਪੰਜਾਬ ਦੇ ਅੰਮ੍ਰਿਤਸਰ ’ਚ ਇਕ ਅੱਧਖੜ ਉਮਰ ਦੇ ਜੋੜੇ ਨੇ ਇਸ ਡਰ ਨਾਲ ਜ਼ਹਿਰ ਖਾ ਲਿਆ ਕਿ ਅੱਗੇ ਚੱਲ ਕੇ ਉਨ੍ਹਾਂ ਨੂੰ ਵੀ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਹੋ ਸਕਦਾ ਹੈ। ਉਨ੍ਹਾਂ ਨੇ ਆਪਣੇ ਸੁਸਾਈਡ ਨੋਟ ’ਚ ਇਸ ਡਰ ਦੀ ਗੱਲ ਲਿਖੀ ਸੀ।

ਪੁਣੇ ’ਚ ਆਪਣਾ ਬਿਜ਼ਨੈੱਸ ਚਲਾਉਣ ਵਾਲੀ ਸ਼ਰਧਾ ਕੇਜਰੀਵਾਲ ਨੂੰ ਹਫਤੇ ਤੋਂ ਬੁਰੇ-ਬੁਰੇ ਸੁਪਨੇ ਆ ਰਹੇ ਹਨ। ਉਹ ਕਹਿੰਦੀ ਹੈ ਕਿ ਕਾਰੋਬਾਰ ਠੱਪ ਹੋਣ ਅਤੇ ਭਵਿੱਖ ਦੀ ਚਿੰਤਾ ਨੇ ਉਸਦੀ ਨੀਂਦ ਉਡਾ ਦਿੱਤੀ ਹੈ। ਉਹ ਫਿਲਹਾਲ ਇਕ ਮਨੋਚਿਕਿਤਸਕ ਦੀਆਂ ਸੇਵਾਵਾਂ ਲੈ ਰਹੀ ਹੈ।

ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿਚ ਤਾਂ ਸੈਂਕੜੇ ਲੋਕ ਮਾਨਸਿਕ ਤਣਾਅ ਦੀ ਲਪੇਟ ’ਚ ਹਨ। ਕਿਸੇ ਨੂੰ ਲਗਾਤਾਰ ਹੱਥ ਧੋਣ ਕਾਰਣ ਕੋਰੋਨਾ ਫੋਬੀਆ ਹੋ ਗਿਆ ਹੈ ਤਾਂ ਕਿਸੇ ਨੂੰ ਛਿੱਕ ਆਉਂਦਿਆਂ ਹੀ ਕੋਰੋਨਾ ਦਾ ਡਰ ਸਤਾਉਣ ਲੱਗਦਾ ਹੈ। ਅਜਿਹੇ ’ਚ ਕਈ ਮਰੀਜ਼ ਡਾਕਟਰ ਕੋਲ ਪਹੁੰਚ ਰਹੇ ਹਨ। ਸੋਸ਼ਲ ਮੀਡੀਆ ’ਤੇ ਫੈਲਣ ਵਾਲੀਆਂ ਅਫਵਾਹਾਂ ਨੇ ਸਥਿਤੀ ਨੂੰ ਹੋਰ ਗੰਭੀਰ ਕਰ ਦਿੱਤਾ ਹੈ।


Karan Kumar

Content Editor

Related News