ਤਾਲਾਬੰਦੀ ਦਾ ਅਸਰ : ਵਿਆਹਾਂ ''ਚ ਬੈਂਡ, ਵਾਜਾ, ਬਰਾਤ ਦੀ ਥਾਂ ਮਾਸਕ, ਸੈਨੇਟਾਈਜ਼ਰ ਤੇ ਸਾਦਗੀ

Sunday, May 31, 2020 - 06:07 PM (IST)

ਨਵੀਂ ਦਿੱਲੀ (ਭਾਸ਼ਾ)— ਮਹਿੰਦੀ ਤੋਂ ਲੈ ਕੇ ਸੰਗੀਤ ਤੱਕ ਕਈ ਸ਼ਗਨ ਅਤੇ ਸਮਾਰੋਹ, ਦੋਸਤਾਂ ਤੇ ਰਿਸ਼ਤੇਦਾਰਾਂ ਦੇ ਵਿਚਾਲੇ ਸੱਤ ਫੇਰੇ ਲੈਣ ਦਾ ਸਪਨਾ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਫਿੱਕਾ ਪੈ ਗਿਆ। ਫਿਲਹਾਲ ਵਿਆਹ ਦਾ ਸਪਨਾ ਪੂਰਾ ਨਾ ਹੁੰਦਾ ਦੇਖ ਕੇ ਕਈ ਜੋੜਿਆਂ ਨੇ ਜਾਂ ਤਾਂ ਵਿਆਹ ਟਾਲ ਦਿੱਤੇ ਜਾਂ ਬੇਹੱਦ ਸਾਦੇ ਸਮਾਰੋਹ 'ਚ ਵਿਆਹ ਦੇ ਬੰਧਨ 'ਚ ਬੱਝਣ ਦਾ ਫੈਸਲਾ ਲਿਆ। ਕੋਰੋਨਾ ਕਾਲ ਦੇ ਇਨ੍ਹਾਂ ਵਿਆਹਾਂ ਵਿਚ ਬੈਂਡ, ਵਾਜਾ, ਬਰਾਤ ਦੀ ਥਾਂ ਮਾਸਕ, ਸੈਨੇਟਾਈਜ਼ਰ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਨੇ ਲੈ ਲਈ ਹੈ। 

PunjabKesari
ਕਈ ਸਮਾਰੋਹਾਂ ਵਿਚ ਡਿਜ਼ਾਈਨਰ ਕੱਪੜਿਆਂ 'ਤੇ ਲੱਖਾਂ ਰੁਪਏ ਖਰਚ ਕਰ ਦਿੱਤੇ ਜਾਂਦੇ ਹਨ ਪਰ ਮਹਾਮਾਰੀ ਕਾਰਨ ਹੁਣ ਕਈ ਵਿਆਹ ਬਿਲਕੁੱਲ ਸਾਦੇ ਪੱਧਰ 'ਤੇ ਹੋ ਰਹੇ ਹਨ। ਸੱਤ ਜਨਮ ਤੱਕ ਇਕ-ਦੂਜੇ ਦਾ ਸਾਥ ਨਿਭਾਉਣ ਦੀਆਂ ਕਸਮਾਂ ਹੁਣ ਆਲੀਸ਼ਾਨ ਹਾਲ ਜਾਂ ਮੈਰਿਜ ਪੈਲੇਸ ਵਿਚ ਨਹੀਂ ਸਗੋਂ ਘਰ ਦੀਆਂ ਛੱਤਾਂ, ਘਰਾਂ, ਮੰਦਰਾਂ, ਚਰਚ ਜਾਂ ਕਿਤੇ-ਕਿਤੇ ਤਾਂ ਸੂਬੇ ਦੀਆਂ ਸਰਹੱਦਾਂ 'ਤੇ ਖਾਧੀਆਂ ਜਾ ਰਹੀਆਂ ਹਨ। ਇਸ ਪਵਿੱਤਰ ਰਸਮ ਦੇ ਗਵਾਹ ਸਿਰਫ ਘਰ ਦੇ ਲੋਕ ਹੀ ਬਣ ਪਾ ਰਹੇ ਹਨ। 

PunjabKesari
ਪੱਛਮੀ ਬੰਗਾਲ ਦੇ ਜਲਪਾਈਗੁੜੀ ਦੇ ਓਮ ਪ੍ਰਕਾਸ਼ ਨੇ ਪਿਛਲੇ ਹਫਤੇ ਅਸਾਮ ਦੇ ਧੁਬਰੀ 'ਚ ਵਿਆਹ ਕੀਤਾ। ਇਕ ਸੂਬੇ ਤੋਂ ਦੂਜੇ ਸੂਬੇ ਵਿਚ ਆਵਾਜਾਈ 'ਤੇ ਪਾਬੰਦੀ ਅਤੇ ਜ਼ਰੂਰੀ ਕੁਆਰੰਟੀਨ 'ਚ ਰਹਿਣ ਦੇ ਮੱਦੇਨਜ਼ਰ ਦੋਹਾਂ ਪਰਿਵਾਰਾਂ ਨੇ ਆਗਿਆ ਲਈ ਦੋਹਾਂ ਜ਼ਿਲਿਆਂ ਦੇ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਸੀ। ਸਲਾਹ-ਮਸ਼ਵਰੇ ਤੋਂ ਬਾਅਦ ਅਧਿਕਾਰੀਆਂ ਨੇ ਧੁਬਰੀ-ਜਲਪਾਈਗੁੜੀ 'ਸਰਹੱਦ' 'ਤੇ ਵਿਆਹ ਕਰਾਉਣ ਦਾ ਫੈਸਲਾ ਕੀਤਾ। ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿਚ ਪਿਛਲੇ ਮਹੀਨੇ ਆਪਣੀ ਘਰ ਦੀ ਛੱਤ 'ਤੇ ਵਿਆਹ ਹੋਇਆ। ਏਸੀ ਮਕੈਨੀਕ ਸ਼ਕਤੀਵੇਲ ਨੇ ਕਿਹਾ ਕਿ ਅਜਿਹਾ ਕਰਨ ਨਾਲ ਘੱਟ ਤੋਂ ਘੱਟ 75 ਫੀਸਦੀ ਦੀ ਬੱਚਤ ਹੋਈ। ਵਿਆਹ 'ਚ ਸਿਰਫ 10 ਮੈਂਬਰ ਸ਼ਾਮਲ ਹੋਏ ਸਨ, ਜਿਸ ਤੋਂ ਉਹ ਸੰਤੁਸ਼ਟ ਸਨ। 

PunjabKesari
ਉੱਥੇ ਹੀ ਪਟਨਾ ਵਿਚ ਇਕ ਕਾਰੋਬਾਰੀ ਨੇ ਆਪਣੀਆਂ ਤਿੰਨ ਧੀਆਂ ਵਿਚੋਂ ਸਭ ਤੋਂ ਵੱਡੀ ਧੀ ਦਾ ਵਿਆਹ ਕਰਨ ਲਈ ਤਾਲਾਬੰਦੀ ਖਤਮ ਹੋਣ ਦੀ ਉਡੀਕ ਕਰਨ ਦੀ ਬਜਾਏ ਮੰਦਰ ਵਿਚ ਵਿਆਹ ਕਰਨ ਦਾ ਫੈਸਲਾ ਕੀਤਾ। ਕੁੜੀ ਦੇ ਪਿਓ ਨੇ ਕਿਹਾ ਕਿ ਸਭ ਕੁਝ ਤੈਅ ਹੋ ਗਿਆ ਸੀ, ਇੱਥੋਂ ਤੱਕ ਕੁੜਮਾਈ ਅਤੇ ਟਿਕੇ ਦੇ ਕੰਮ ਤਾਲਾਬੰਦੀ ਤੋਂ ਪਹਿਲਾਂ ਕੀਤੇ ਗਏ ਸਨ, ਇਸ ਲਈ ਮੈਂ ਆਪਣੀ ਧੀ ਦਾ ਵਿਆਹ ਇਕ ਮੰਦਰ ਵਿਚ ਕਰਨ ਦਾ ਫੈਸਲਾ ਕੀਤਾ। ਜ਼ਿਆਦਾਤਰ ਸਾਰੇ ਵਿਆਹਾਂ ਵਿਚ ਮਾਸਕ ਅਤੇ ਸੈਨੇਟਾਈਜ਼ਰ ਰੱਖੇ ਗਏ ਸਨ। ਇਨ੍ਹਾਂ ਅਨੋਖੇ ਵਿਆਹਾਂ ਵਿਚ ਕੁੜੀਆਂ ਆਪਣੇ ਬਚਪਨ ਦੀਆਂ ਤਮਾਮ ਯਾਦਾਂ ਵਿਚਾਲੇ ਉਸੇ ਘਰ ਤੋਂ ਵਿਦਾ ਹੋਈ, ਜਿੱਥੇ ਉਹ ਪੈਦਾ ਹੋਈਆਂ ਅਤੇ ਵੱਡੀਆਂ ਹੋਈਆਂ। ਇਸ ਤਰ੍ਹਾਂ ਤਾਲਾਬੰਦੀ ਵਿਚ ਕਈ ਵਿਆਹ ਹੋਏ, ਜੋ ਕਿ ਸਾਦਗੀ ਨਾਲ ਹੋਏ।


Tanu

Content Editor

Related News