ਲਾਕਡਾਊਨ ਨਾਲ ਨਹੀਂ ਖਤਮ ਹੋਵੇਗਾ ਕੋਰੋਨਾ ਵਾਇਰਸ : ਰਾਹੁਲ ਗਾਂਧੀ
Thursday, Apr 16, 2020 - 01:44 PM (IST)
ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਪ੍ਰੈਸ ਵਾਰਤਾ ਕੀਤੀ। ਰਾਹੁਲ ਨੇ ਕਿਹਾ ਕਿ ਮੇਰੀਆਂ ਟਿੱਪਣੀਆਂ ਨੂੰ ਕਿਸੇ ਆਲੋਚਨਾ ਦੇ ਤੌਰ 'ਤੇ ਨਾ ਲਿਆ ਜਾਵੇ ਸਗੋਂ ਇਹ ਇਕ ਸਲਾਹ ਦੇ ਤੌਰ 'ਤੇ ਸੁਣੀਆਂ ਜਾਣ। ਇਸ ਦੌਰਾਨ ਰਾਹੁਲ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਸਾਨੂੰ ਵਧ ਤੋਂ ਵਧ ਟੈਸਟ ਕਰਨਾ ਹੋਵੇਗਾ। ਰਾਹੁਲ ਨੇ ਕਿਹਾ ਕਿ ਲਾਕਡਾਊਨ ਇਕ ਪਾਜ ਬਟਨ ਹੈ ਨਾ ਕਿ ਇਲਾਜ। ਜਦੋਂ ਅਸੀਂ ਲਾਕਡਾਊਨ ਦੇ ਬਾਹਰ ਆਵਾਂਗੇ ਤਾਂ ਫਿਰ ਤੋਂ ਵਾਇਰਸ ਦੀ ਗ੍ਰਿਫਤ 'ਚ ਆਉਣ ਦਾ ਸ਼ੱਕ ਹੈ। ਲਾਕਡਾਊਨ ਰਾਹੀਂ ਸਰਕਾਰ ਨੂੰ ਸਮੇਂ ਮਿਲਿਆ ਤਾਂਕਿ ਉਹ ਸਰੋਤਾਂ ਨੂੰ ਜੁਟਾ ਸਕੇ, ਜਿਸ ਨਾਲ ਕੋਰੋਨਾ ਦਾ ਮੁਕਾਬਲਾ ਕਰ ਸਕੇ। ਰਾਹੁਲ ਨੇ ਕਿਹਾ ਕਿ ਸਰਕਾਰ ਨੂੰ ਮੇਰੀ ਸਲਾਹ ਹੈ ਕਿ ਉਹ ਵਧ ਤੋਂ ਵਧ ਟੈਸਟਿੰਗ ਕਰੇ। ਰਾਹੁਲ ਨੇ ਕਿਹਾ ਕਿ ਕੋਵਿਡ ਵਾਇਰਸ ਨਾਲ ਲੜਨ ਲਈ ਸਾਡੀ ਮੈਨ ਫੋਰਸ ਜ਼ਿਲਾ ਅਤੇ ਰਾਜ ਦੀਆਂ ਇਕਾਈਆਂ ਹਨ। ਕੇਰਲ, ਵਾਇਨਾਡ 'ਚ ਤਰੱਕੀ ਹੈ, ਉਹ ਜ਼ਿਲਾ ਇਕਾਈ ਦੀ ਕਾਰਜਪ੍ਰਣਾਲੀ ਦਾ ਅਸਰ ਹੈ। ਉਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਾਹੀਦਾ ਹੈ ਕਿ ਉਹ ਜ਼ਿਲਾ ਇਕਾਈਆਂ ਨੂੰ ਮਜ਼ਬੂਤ ਕਰੇ।
ਬੀਤੇ ਦਿਨੀਂ ਸਰਕਾਰ ਵਲੋਂ ਸੰਸਦ ਫੰਡ ਅਗਲੇ 2 ਸਾਲਾਂ ਤੱਕ ਮੁਲਤਵੀ ਕੀਤੇ ਜਾਣ 'ਤੇ ਰਾਹੁਲ ਨੇ ਕਿਹਾ ਕਿ ਇਸ ਗੰਭੀਰ ਸਥਿਤੀ 'ਚ ਇਹ ਕੋਈ ਵੱਡਾ ਮੁੱਦਾ ਨਹੀਂ ਹੈ। ਰਾਹੁਲ ਨੇ ਕਿਹਾ ਕਿ ਮੇਰਾ ਮੁੱਖ ਸੁਝਾਅ ਹੈ ਕਿ ਸਰਕਾਰ ਰਣਨੀਤੀ ਨਾਲ ਕੰਮ ਕਰੇ। ਲਾਕਡਾਊਨ ਨਾਲ ਗੱਲ ਨਹੀਂ ਬਣੀ ਸਿਰਫ਼ ਟਲੀ ਹੈ। ਸਟੇਟਸ ਦੀ ਜੀ.ਐੱਸ.ਟੀ. ਉਨਾਂ ਨੂੰ ਮੁਹੱਈਆ ਕਰਵਾਈ ਜਾਵੇ। ਸੂਬਿਆਂ ਨੂੰ ਦਿੱਤੇ ਗਏ ਪੈਕੇਜ 'ਤੇ ਰਾਹੁਲ ਨੇ ਕਿਹਾ ਕਿ ਜਿਸ ਸਪੀਡ ਨਾਲ ਪੈਸਾ ਪਹੁੰਚਣਾ ਚਾਹੀਦਾ,ਉਹ ਨਹੀਂ ਹੋ ਰਿਹਾ ਹੈ। ਰਾਹੁਲ ਨੇ ਕਿਹਾ ਕਿ ਬੇਰੋਜ਼ਗਾਰੀ ਆਉਣ ਵਾਲੀ ਹੈ। ਸਰਕਾਰ ਨੂੰ ਇਸ ਦੇ ਪ੍ਰਤੀ ਤਿਆਰੀ ਕਰਨੀ ਚਾਹੀਦੀ ਹੈ।