ਰਾਜਾਂ ਦੀ ਸਹਿਮਤੀ ਦੇ ਬਿਨਾਂ ਨਹੀਂ ਸ਼ੁਰੂ ਹੋਣਗੀਆਂ ਉਡਾਣਾਂ : ਕੇਂਦਰ ਸਰਕਾਰ

Wednesday, May 20, 2020 - 10:04 AM (IST)

ਰਾਜਾਂ ਦੀ ਸਹਿਮਤੀ ਦੇ ਬਿਨਾਂ ਨਹੀਂ ਸ਼ੁਰੂ ਹੋਣਗੀਆਂ ਉਡਾਣਾਂ : ਕੇਂਦਰ ਸਰਕਾਰ

ਨਵੀਂ ਦਿੱਲੀ : ਲਾਕਡਾਊਨ 4 ਦੀ ਸ਼ੁਰੂਆਤ ਤੋਂ ਬਾਅਦ ਟਰੇਨ ਸੇਵਾਵਾਂ ਸ਼ੁਰੂ ਕਰਨ ਦੀ ਤਿਆਰੀ ਤਾਂ ਸ਼ੁਰੂ ਹੋ ਗਈ ਹੈ, ਪਰ ਹਵਾਈ ਸੇਵਾਵਾਂ ਨੂੰ ਸ਼ੁਰੂ ਕਰਨ ਨੂੰ ਲੈ ਕੇ ਤਸਵੀਰ ਅਜੇ ਵੀ ਸਾਫ ਨਹੀਂ ਹੈ। ਟਰੇਨਾਂ ਦੀ ਤਰ੍ਹਾਂ ਘਰੇਲੂ ਹਵਾਈ ਸੇਵਾਵਾਂ ਨੂੰ ਚਲਾਉਣ ਦੇ ਫੈਸਲੇ ਵਿਚ ਕੇਂਦਰ ਸਰਕਾਰ ਰਾਜਾਂ ਨੂੰ ਸ਼ਾਮਲ ਕਰਨਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਮਜ਼ਦੂਰ ਸਪੈਸ਼ਲ ਟਰੇਨਾਂ ਚਲਾਉਣ ਲਈ ਰਾਜਾਂ ਦੀ ਸਹਿਮਤੀ ਹਾਸਲ ਕੀਤੀ ਸੀ, ਜਿਸ ਰਾਜ ਤੋਂ ਅਤੇ ਜਿਸ ਰਾਜ ਤੱਕ ਕੋਈ ਟਰੇਨ ਜਾਣ ਵਾਲੀ ਸੀ, ਉਸ ਲਈ ਦੋਵਾਂ ਰਾਜ ਸਰਕਾਰਾਂ ਦੀ ਸਹਿਮਤੀ ਹਾਸਲ ਕੀਤੀ ਗਈ ਸੀ।

ਰਾਜਾਂ ਦੀ ਵੀ ਹੈ ਜਿੰਮੇਦਾਰੀ
ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੰਗਲਵਾਰ ਨੂੰ ਇਕ ਟਵੀਟ ਕਰਕੇ ਕਿਹਾ ਕਿ ਹਵਾਈ ਸੇਵਾ ਸ਼ੁਰੂ ਕਰਨ ਦੀ ਜ਼ਿੰਮੇਦਾਰੀ ਕੇਂਦਰ ਦੇ ਨਾਲ-ਨਾਲ ਰਾਜਾਂ ਦੀ ਵੀ ਹੈ। ਉਨ੍ਹਾਂ ਨੂੰ ਵੀ ਇਸ ਲਈ ਤਿਆਰ ਰਹਿਣਾ ਹੋਵੇਗਾ। ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਟਵੀਟ ਵਿਚ ਲਿਖਿਆ ਹੈ, 'ਕੇਂਦਰ ਸਰਕਾਰ ਘਰੇਲੂ ਉਡਾਣਾਂ ਸ਼ੁਰੂ ਕਰਨ ਦੇ ਬਾਰੇ ਵਿਚ ਇਕੱਲੇ ਫੈਸਲਾ ਨਹੀਂ ਲੈ ਸਕਦੀ। ਸੰਘੀ ਤਾਲਮੇਲ ਦੀ ਭਾਵਾਨਾ ਨੂੰ ਦੇਖਦੇ ਹੋਏ ਉਨ੍ਹਾਂ ਰਾਜਾਂ ਦੀਆਂ ਸਰਕਾਰਾਂ ਨੂੰ ਵੀ ਇਸ ਦੀ ਸਹਿਮਤੀ ਕੇਂਦਰ ਨੂੰ ਦੇਣੀ ਹੋਵੇਗੀ, ਜਿੱਥੋਂ ਜਹਾਜ਼ ਉਡਾਣ ਭਰਦੇ ਜਾਂ ਲੈਂਡ ਕਰਦੇ ਹਨ।

ਜ਼ਿਕਰਯੋਗ ਹੈ ਕਿ 25 ਮਾਰਚ ਤੋਂ ਦੇਸ਼ ਵਿਚ ਜਾਰੀ ਲਾਕਡਾਊਨ ਦੇ ਸਮੇਂ ਤੋਂ ਹੀ ਉਡਾਣਾਂ 'ਤੇ ਪਾਬੰਦੀ ਲੱਗੀ ਹੈ। ਲਾਕਡਾਊਨ ਦਾ ਚੌਥਾ ਪੜਾਅ 31 ਮਈ ਤੱਕ ਹੋਵੇਗਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਜ਼ਿਆਦਾਤਰ ਪਾਬੰਦੀਆਂ ਖਤਮ ਹੋ ਜਾਣਗੀਆਂ। ਰੇਲਵੇ ਨੇ ਹੁਣ 200 ਨਾਨ-ਏ.ਸੀ. ਟਰੇਨਾਂ ਚਲਾਉਣ ਦਾ ਫੈਸਲਾ ਲਿਆ ਹੈ। ਇਹ ਟਰੇਨਾਂ 1 ਜੂਨ ਤੋਂ ਟਾਈਮ ਟੇਬਲ ਅਨੁਸਾਰ ਰੋਜ਼ਾਨਾ ਚਲਣਗੀਆਂ ਪਰ ਹਵਾਈ ਸੇਵਾ 'ਤੇ ਅਜੇ ਵੀ ਪੂਰੀ ਤਰ੍ਹਾਂ 'ਤੇ ਪਾਬੰਦੀ ਹੈ।

ਏਅਰਲਾਈਨਜ਼ ਨੇ ਸ਼ੁਰੂ ਕੀਤੀ ਬੁਕਿੰਗ
ਸਰਕਾਰ ਵੱਲੋਂ ਇਸ ਨੂੰ ਲੈ ਕੇ ਅਜੇ ਤੱਕ ਕੋਈ ਦਿਸ਼ਾ-ਨਿਰਦੇਸ਼ ਵੀ ਜਾਰੀ ਨਹੀਂ ਕੀਤਾ ਹੈ। ਹਾਲਾਂਕਿ ਕਈ ਏਅਰਲਾਈਨਜ਼ ਨੇ 1 ਜੂਨ ਤੋਂ ਹਵਾਈ ਟਿਕਟ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਏਅਰਲਾਈਨਜ਼ ਪਹਿਲਾਂ ਵੀ ਅਜਿਹਾ ਕਰ ਚੁੱਕੀ ਹੈ। ਉਹ ਹਰ ਲਾਕਡਾਊਨ ਤੋਂ ਬਾਅਦ ਟਿਕਟ ਬੁੱਕ ਕਰ ਲੈਂਦੀ ਹੈ ਅਤੇ ਬਾਅਦ ਵਿਚ ਟਿਕਟ ਰੱਦ ਹੋਣ 'ਤੇ ਯਾਤਰੀਆਂ ਦਾ ਪੈਸਾ ਵਾਪਸ ਕਰਨ ਵਿਚ ਟਾਲ-ਮਟੋਲ ਕਰਦੀ ਹੈ। ਲਾਕਡਾਊਨ ਦੇ ਚੌਥੇ ਪੜਾਅ ਵਿਚ ਵੀ ਜਹਾਜ਼, ਮੈਟਰੋ, ਟਰੇਨ ਦੇ ਸੰਚਾਲਨ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਹੈ।


author

cherry

Content Editor

Related News