ਤਾਲਾਬੰਦੀ ''ਚ ਇਸ ਕੰਪਨੀ ਨੇ ਕਾਮਿਆਂ ਨੂੰ ਦਿੱਤਾ ਪੂਰਾ ਬੋਨਸ, ਵੱਡੇ ਪੱਧਰ ''ਤੇ ਕਰੇਗੀ ਭਰਤੀਆਂ
Tuesday, Jun 09, 2020 - 01:14 PM (IST)
ਕੋਲਕਾਤਾ (ਭਾਸ਼ਾ) : ਟੀ.ਸੀ.ਜੀ. ਲਾਈਫਸਾਇੰਸਜ ਚਾਲੂ ਵਿੱਤ ਸਾਲ ਦੌਰਾਨ ਆਪਣੇ ਕਾਮਿਆਂ ਦੀ ਗਿਣਤੀ ਵਿਚ 15 ਫ਼ੀਸਦੀ ਦਾ ਵਾਧਾ ਕਰੇਗੀ ਅਤੇ ਉਸ ਨੇ ਕੋਰੋਨਾ ਵਾਇਰਸ ਮਹਾਮਾਰੀ ਸੰਕਟ ਦੌਰਾਨ ਆਪਣੇ ਕਾਮਿਆਂ ਦਾ ਮਨੋਬਲ ਵਧਾਉਣ ਲਈ ਉਨ੍ਹਾਂ ਨੂੰ ਪੂਰਾ ਸਾਲਾਨਾ ਬੋਨਸ ਜਾਰੀ ਕੀਤਾ ਹੈ। ਇਹ ਕੰਪਨੀ ਠੇਕੇ 'ਤੇ ਰਿਸਰਚ ਅਤੇ ਮੈਨੂਫੈਕਚਰਿੰਗ ਸੇਵਾਵਾਂ ਉਪਲੱਬਧ ਕਰਾਉਂਦੀ ਹੈ। ਟੀ.ਸੀ.ਜੀ. ਲਾਈਫਸਾਇੰਸਜ ਨੇ ਇਹ ਕਦਮ ਅਜਿਹੇ ਸਮੇਂ ਵਿਚ ਚੁੱਕਿਹਾ ਹੈ, ਜਦੋਂ ਦੂਜੀਆਂ ਕੰਪਨੀਆਂ ਕਾਮਿਆਂ ਦੀ ਤਨਖਾਹ ਕੱਟ ਰਹੀਆਂ ਹਨ ਜਾਂ ਛਾਂਟੀ ਕਰਨ ਲਈ ਮਜ਼ਬੂਰ ਹਨ।
ਪੂਰਣੇਂਦੁ ਚਟਰਜੀ ਸਮੂਹ ਵੱਲੋਂ ਉਤਸ਼ਾਹਿਤ ਕੀਤੀ ਗਈ ਕੰਪਨੀ ਨੇ ਆਪਣੇ ਕਾਮਿਆਂ ਦੀ ਤਰੱਕੀ ਲਈ ਸਾਲਾਨਾ ਪ੍ਰਦਰਸ਼ਨ ਮੁਲਾਂਕਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਦੇ ਇਕ ਅਧਿਕਾਰੀ ਨੇ ਦੱਸਿਆ, ਅਸੀਂ ਹੈਦਰਾਬਾਦ ਸਥਿਤ ਨਿਰਮਾਣ ਪਲਾਂਟ ਅਤੇ ਕੋਲਕਾਤਾ ਦੇ ਆਰ.ਐਂੰਡ.ਡੀ. ਕੇਂਦਰ ਵਿਚ ਕੰਮ ਕਰਨ ਵਾਲੇ ਆਪਣੇ ਸਾਰੇ 1500 ਕਾਮਿਆਂ ਨੂੰ ਪੂਰਾ ਸਾਲਾਨਾ ਬੋਨਸ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵੇਂ ਕਰਮਚਾਰੀਆਂ ਦੀ ਭਰਤੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ ।