ਕੇਂਦਰ ਦਾ ਫਰਮਾਨ- ਸਖਤੀ ਨਾਲ ਲਾਕ ਡਾਊਨ ਦਾ ਹੋਵੇ ਪਾਲਣ, ਬਾਰਡਰ ਕੀਤੇ ਜਾਣ ਸੀਲ
Sunday, Mar 29, 2020 - 03:33 PM (IST)
ਨਵੀਂ ਦਿੱਲੀ— ਕੋਰੋਨਾ ਵਾਇਰਸ ਭਾਰਤ 'ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਅਜਿਹੇ ਸਮੇਂ 'ਚ ਭਾਰਤ ਦੇ ਸਾਹਮਣੇ ਪ੍ਰਵਾਸੀ ਮਜ਼ਦੂਰਾਂ ਦਾ ਪਲਾਇਨ ਇਕ ਗੰਭੀਰ ਸੰਕਟ ਬਣ ਕੇ ਖੜ੍ਹਾ ਹੋ ਗਿਆ ਹੈ। ਲਾਕ ਡਾਊਨ ਦੇ ਬਾਵਜੂਦ ਵੱਡੀ ਗਿਣਤੀ 'ਚ ਮਜ਼ਦੂਰ ਆਪਣੇ ਪਿੰਡਾਂ ਵੱਲ ਦੌੜ ਰਹੇ ਹਨ। ਕੇਂਦਰ ਸਰਕਾਰ ਨੇ ਸੂਬਿਆਂ ਨੂੰ ਸਖਤੀ ਨਾਲ ਲਾਕ ਡਾਊਨ ਦਾ ਪਾਲਣ ਕਰਾਉਣ ਦੇ ਨਿਰਦੇਸ਼ ਦਿੱਤੇ ਹਨ। ਕੇਂਦਰ ਨੇ ਸੂਬਿਆਂ ਨੂੰ ਕਿਹਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਲਈ ਸਾਰੇ ਇੰਤਜ਼ਾਮ ਕੀਤੇ ਜਾਣ, ਜਿੱਥੇ ਉਹ ਮੌਜੂਦ ਹਨ। ਕੇਂਦਰ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਸੂਬੇ ਅਤੇ ਜ਼ਿਲੇ ਦੇ ਬਾਰਡਰ ਪੂਰੀ ਤਰ੍ਹਾਂ ਸੀਲ ਕੀਤੇ ਜਾਣ, ਤਾਂ ਕਿ ਇਕ ਸੂਬੇ ਤੋਂ ਦੂਜੇ ਸੂਬੇ 'ਚ ਅਤੇ ਇਕ ਜ਼ਿਲੇ ਤੋਂ ਦੂਜੇ ਜ਼ਿਲੇ ਵਿਚ ਲੋਕਾਂ ਦੀ ਮੂਵਮੈਂਟ ਨਾ ਹੋ ਸਕੇ। ਸੜਕਾਂ 'ਤੇ ਸਿਰਫ ਸਾਮਾਨ ਢੋਆ-ਢੁਆਈ ਵਾਲੀਆਂ ਗੱਡੀਆਂ ਦੀ ਆਵਾਜਾਈ ਦੀ ਆਗਿਆ ਹੋਵੇਗੀ।
ਇਹ ਵੀ ਪੜ੍ਹੋ : ਲਾਕ ਡਾਊਨ : ਕੀ ਇੰਝ ਜਿੱਤ ਸਕੇਗਾ ਭਾਰਤ ਕੋਰੋਨਾ ਨਾਲ ਜੰਗ? ਦੇਖੋ ਹੈਰਾਨ ਕਰਦੀਆਂ ਤਸਵੀਰਾਂ
ਕੇਂਦਰ ਨੇ ਕਿਹਾ ਕਿ ਲਾਕ ਡਾਊਨ ਲਾਗੂ ਕਰਾਉਣਾ ਜ਼ਿਲਿਆਂ ਦੇ ਡੀ. ਐੱਮ. ਅਤੇ ਐੱਸ. ਪੀ. ਦੀ ਜ਼ਿੰਮੇਵਾਰੀ ਹੈ। ਦਿਹਾੜੀ ਮਜ਼ਦੂਰਾਂ ਦੀ ਸੜਕਾਂ 'ਤੇ ਭੱਜ-ਦੌੜ ਨੂੰ ਦੇਖਦੇ ਹੋਏ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਖਤ ਨਿਰੇਦਸ਼ ਦਿੱਤੇ ਗਏ ਹਨ ਕਿ ਬਾਰਡਰ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਜਾਵੇ। ਸਥਾਨਕ ਪ੍ਰਸ਼ਾਸਨ ਇਹ ਯਕੀਨੀ ਕਰੇ ਕਿ ਹਾਈਵੇਅ 'ਤੇ ਸਿਰਫ ਜ਼ਰੂਰੀ ਚੀਜ਼ਾਂ ਦੇ ਵਾਹਨਾਂ ਹੀ ਆਵਾਜਾਈ ਹੋਵੇ। ਦੇਸ਼ ਦੇ ਜਿਸ ਕੋਨੇ ਵਿਚ ਮਜ਼ਦੂਰ ਹੋਣ ਉਨ੍ਹਾਂ ਦੇ ਖਾਣ-ਪੀਣ ਦੀ ਉੱਚਿਤ ਵਿਵਸਥਾ ਸਥਾਨਕ ਪ੍ਰਸ਼ਾਸਨ ਕਰਵਾਏ। ਨਾਲ ਹੀ ਪ੍ਰਸ਼ਾਸਨ ਇਹ ਵੀ ਯਕੀਨੀ ਕਰੇ ਕਿ ਮਜ਼ਦੂਰਾਂ 'ਤੇ ਉਨ੍ਹਾਂ ਦੇ ਮਕਾਨ ਮਾਲਕ ਕਿਰਾਇਆ ਵਸੂਲਣ ਦਾ ਦਬਾਅ ਨਾ ਪਾਉਣ। ਕੇਂਦਰ ਨੇ ਸਾਫ ਕੀਤਾ ਕਿ ਜਿਨ੍ਹਾਂ ਨੇ ਵੀ ਲਾਕ ਡਾਊਨ ਦਾ ਉਲੰਘਣ ਕੀਤਾ ਹੈ, ਉਨ੍ਹਾਂ ਨੂੰ ਸਰਕਾਰ ਵਲੋਂ ਮੁਹੱਈਆ ਕਰਵਾਈ ਗਈ 14 ਦਿਨਾਂ ਦੀ ਕੁਆਰੰਟੀਨ ਦੀ ਸਹੂਲਤ 'ਚ ਰੱਖਿਆ ਜਾਵੇ।
ਇਹ ਵੀ ਪੜ੍ਹੋ : ਦੁੱਖ ਦੀ ਘੜੀ 'ਚ ਭੁੱਖਿਆਂ ਨੂੰ ਰਜਾਉਣ ਲਈ ਦਿਨ-ਰਾਤ ਸੇਵਾ 'ਚ ਰੁੱਝੇ ਗੁਰੂ ਦੇ 'ਸਿੱਖ'
ਦੱਸ ਦੇਈਏ ਕਿ ਕੋਰੋਨਾ ਵਾਇਰਸ ਮਹਾਮਾਰੀ ਨੂੰ ਰੋਕਣ ਲਈ ਪੂਰਾ ਭਾਰਤ ਲਾਕ ਡਾਊਨ ਹੈ। ਲਾਕ ਡਾਊਨ ਹੋਣ ਦੇ ਬਾਵਜੂਦ ਪ੍ਰਵਾਸੀ ਮਜ਼ਦੂਰ ਪੈਦਲ ਹੀ ਆਪਣੇ ਘਰਾਂ 'ਚ ਨਿਕਲ ਪਏ ਹਨ। ਜਿਸ ਤੋਂ ਬਾਅਦ ਦਿੱਲੀ-ਯੂ. ਪੀ. ਬਾਰਡਰ 'ਤੇ ਲੋਕਾਂ ਦੀ ਵੱਡੀ ਭੀੜ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਪੈਦਲ ਯਾਤਰੀਆਂ ਲਈ ਸਰਕਾਰ ਨੇ ਬੱਸਾਂ ਚਲਾਉਣ ਦਾ ਇੰਤਜ਼ਾਮ ਕੀਤਾ ਹੈ, ਜਿੱਥੇ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਦਿੱਲੀ ਸਰਕਾਰ ਵਲੋਂ ਕਿਹਾ ਗਿਆ ਹੈ ਕਿ ਮਜ਼ਦੂਰ ਜਿੱਥੇ ਵੀ ਹਨ, ਉੱਥੇ ਹੀ ਰਹਿਣ ਪਰ ਫਿਰ ਵੀ ਲੋਕਾਂ ਦਾ ਪਲਾਇਨ ਜਾਰੀ ਹੈ। ਜਿਸ ਤੋਂ ਬਾਅਦ ਕੇਂਦਰ ਨੂੰ ਸਖਤ ਰੁਖ਼ ਅਪਣਾਉਣਾ ਪਿਆ ਹੈ।