ਕਿਡਨੀ-ਲੀਵਰ ਵਾਂਗ ਹੁਣ ਹੱਥ ਵੀ ਕਰ ਸਕੋਗੇ ਦਾਨ
Saturday, Jul 27, 2024 - 02:00 PM (IST)
ਨੈਸ਼ਨਲ ਡੈਸਕ- ਕਿਡਨੀ-ਲੀਵਰ ਵਾਂਗ ਹੁਣ ਹੱਥਾਂ ਦਾ ਵੀ ਦਾਨ ਹੋ ਸਕੇਗਾ। ਇਸ ਨੂੰ ਹਾਦਸੇ 'ਚ ਹੱਥ ਗੁਆ ਚੁੱਕੇ ਲੋਕਾਂ ਨੂੰ ਟਰਾਂਸਪਲਾਂਟ ਕੀਤਾ ਜਾਵੇਗਾ। ਹੱਥ ਦਾਨ ਲਈ ਲੋਕ ਖ਼ੁਦ ਨੂੰ ਰਜਿਸਟਰਡ ਕਰਵਾ ਸਕਦੇ ਹੋ। ਰਾਸ਼ਟਰੀ ਅੰਗ ਅਤੇ ਟਿਸ਼ੂ ਟ੍ਰਾਂਸਪਲਾਂਟ ਸੰਗਠਨ (ਨੋਟੋ) ਨੇ ਹੱਥ ਟਰਾਂਸਪਲਾਂਟ ਨੂੰ ਰਾਸ਼ਟਰੀ ਰਜਿਸਟਰੀ ਵਿਚ ਸ਼ਾਮਲ ਕਰ ਲਿਆ ਹੈ। ਦੇਸ਼ ਦੇ ਸਾਰੇ ਹਸਪਤਾਲਾਂ ਵਿਚ ਇਸ 'ਤੇ ਕੰਮ ਸ਼ੁਰੂ ਹੋ ਗਿਆ ਹੈ। ਦੇਸ਼ ਦੇ ਸਾਰੇ ਹਸਪਤਾਲਾਂ ਨੂੰ ਜਾਰੀ ਆਦੇਸ਼ ਵਿਚ ਨੋਟੋ ਦੇ ਡਾਇਰੈਕਟਰ ਡਾ. ਅਨਿਲ ਕੁਮਾਰ ਨੇ ਕਿਹਾ ਕਿ ਹੁਣ ਤੱਕ ਫੇਫੜੇ, ਗੁਰਦੇ, ਦਿਲ ਅਤੇ ਟਿਸ਼ੂ ਰਾਸ਼ਟਰੀ ਰਜਿਸਟਰੀ ਦਾ ਹਿੱਸਾ ਹਨ। ਜਿਨ੍ਹਾਂ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਇਨ੍ਹਾਂ ਦੀ ਲੋੜ ਪੈਂਦੀ ਹੈ, ਉਨ੍ਹਾਂ ਨੂੰ ਉਡੀਕ ਦੇ ਹਿਸਾਬ ਨਾਲ ਦਾਨ ਵਿਚ ਮਿਲੇ ਅੰਗਾਂ ਨੂੰ ਉਪਲੱਬਧ ਕਰਵਾਇਆ ਜਾਂਦਾ ਹੈ ਪਰ ਹੱਥਾਂ ਦੇ ਟਰਾਂਸਪਲਾਂਟ ਨੂੰ ਲੈ ਕੇ ਇਹ ਪ੍ਰਕਿਰਿਆ ਸ਼ਾਮਲ ਨਹੀਂ ਹੈ। ਜਦੋਂ ਕਿ ਭਾਰਤ ਵਿਚ 2014 ਤੋਂ ਹੱਥਾਂ ਦੀ ਟਰਾਂਸਪਲਾਂਟੇਸ਼ਨ ਕੀਤੀ ਜਾ ਰਹੀ ਹੈ।
ਡਾ. ਅਨਿਲ ਕੁਮਾਰ ਅਨੁਸਾਰ ਹੱਥਾਂ ਦੀ ਟਰਾਂਸਪਲਾਂਟੇਸ਼ਨ ਕਰਨ ਵਾਲੀਆਂ ਸਾਰੀਆਂ ਮੈਡੀਕਲ ਸੰਸਥਾਵਾਂ ਨੂੰ ਰਜਿਸਟਰੀ ਦੇ ਬੋਨ ਆਫ਼ ਟਿਸ਼ੂ ਸੈਕਸ਼ਨ ਵਿਚ ਰਜਿਸਟਰ ਕਰਨਾ ਹੋਵੇਗਾ। ਇੱਥੇ ਮਰੀਜ਼ ਅਤੇ ਦਾਨੀ ਦੋਵਾਂ ਬਾਰੇ ਜਾਣਕਾਰੀ ਉਪਲੱਬਧ ਕਰਵਾਉਣੀ ਪਵੇਗੀ, ਤਾਂ ਜੋ ਨੋਟੋ ਦਾਨ ਕੀਤੇ ਹੱਥਾਂ ਨੂੰ ਸਮੇਂ ਸਿਰ ਲੋੜਵੰਦ ਮਰੀਜ਼ ਤੱਕ ਪਹੁੰਚਾ ਸਕੇ।ਹੁਣ ਤੱਕ ਦਿੱਲੀ, ਚੰਡੀਗੜ੍ਹ, ਕੋਚੀ ਅਤੇ ਮੁੰਬਈ ਵਰਗੇ ਸ਼ਹਿਰਾਂ ਵਿਚ ਲਗਭਗ 50 ਹੱਥ ਟਰਾਂਸਪਲਾਂਟ ਹੋ ਚੁੱਕੇ ਹਨ। ਇਹ ਪ੍ਰਕਿਰਿਆ ਉਨ੍ਹਾਂ ਹਸਪਤਾਲਾਂ ਵਿਚ ਸ਼ੁਰੂ ਕੀਤੀ ਜਾ ਸਕਦੀ ਹੈ ਜਿਨ੍ਹਾਂ ਕੋਲ ਲਾਇਸੈਂਸ, ਡੋਨਰ ਅਤੇ ਰਿਸੀਵਰ ਹਨ। ਨੋਟੋ ਦੀ ਸੂਚੀ ਵਿਚ ਹੁਣ ਤੱਕ ਕਿਡਨੀ, ਲੀਵਰ, ਦਿਲ, ਫੇਫੜੇ ਸਮੇਤ 12 ਅੰਗਾਂ ਦਾ ਦਾਨ ਦਰਜ ਕੀਤਾ ਗਿਆ ਸੀ। 13ਵੇਂ ਨੰਬਰ 'ਤੇ ਹੱਥ ਦਾਨ ਜੋੜਿਆ ਗਿਆ ਹੈ।
2014 ਵਿਚ ਕੋਚੀ ਦੇ ਅੰਮ੍ਰਿਤਾ ਹਸਪਤਾਲ 'ਚ ਪਹਿਲੇ ਹੱਥ ਟ੍ਰਾਂਸਪਲਾਂਟ ਤੋਂ ਬਾਅਦ ਹੁਣ ਤੱਕ ਇੱਥੇ 100 ਤੋਂ ਵੱਧ ਟ੍ਰਾਂਸਪਲਾਂਟ ਹੋ ਚੁੱਕੇ ਹਨ। ਪਿਛਲੇ ਸਾਲ ਉੱਤਰੀ ਭਾਰਤ 'ਚ ਪਹਿਲਾ ਹੱਥ ਟਰਾਂਸਪਲਾਂਟ ਕਰਨ ਵਾਲੇ ਸਰ ਗੰਗਾਰਾਮ ਹਸਪਤਾਲ ਦੇ ਸੀਨੀਅਰ ਡਾਕਟਰ ਮਹੇਸ਼ ਮੰਗਲ ਨੇ ਕਿਹਾ ਕਿ ਜੇਕਰ ਕਿਸੇ ਇਕ ਹਸਪਤਾਲ 'ਚ ਅੰਗ ਦਾਨ ਹੁੰਦਾ ਹੈ ਤਾਂ ਉਸ ਹਸਪਤਾਲ ਤੋਂ ਮਿਲੇ ਅੰਗਾਂ ਦੀ ਪਹਿਲੀ ਤਰਜੀਹ ਰਹਿੰਦੀ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਰਾਜ, ਫਿਰ ਜ਼ੋਨ ਅਤੇ ਅਖ਼ੀਰ ਵਿਚ ਰਾਸ਼ਟਰੀ ਪੱਧਰ 'ਤੇ ਉਪਲਬਧ ਕਰਵਾਇਆ ਜਾਂਦਾ ਹੈ। ਇਹ ਪੂਰੀ ਪ੍ਰਕਿਰਿਆ ਡਾਕਟਰਾਂ ਦੀ ਨਿਗਰਾਨੀ 'ਚ ਹੁੰਦੀ ਹੈ ਪਰ ਹੱਥਾਂ ਦੇ ਟਰਾਂਸਪਲਾਂਟੇਸ਼ਨ ਦੇ ਮਾਮਲੇ 'ਚ ਅਜਿਹਾ ਨਹੀਂ ਹੈ। ਫਿਲਹਾਲ ਇਹ ਹਸਪਤਾਲਾਂ 'ਤੇ ਨਿਰਭਰ ਕਰਦਾ ਹੈ।