ਮੋਦੀ ਸਰਕਾਰ ਦੇ 9 ਸਾਲਾਂ ''ਚ ਜਾਨਲੇਵਾ ਮਹਿੰਗਾਈ, ਲੁੱਟੀ ਗਈ ਜਨਤਾ ਦੀ ਕਮਾਈ: ਕਾਂਗਰਸ
Monday, May 29, 2023 - 05:28 PM (IST)
ਨਵੀਂ ਦਿੱਲੀ- ਕਾਂਗਰਸ ਨੇ ਸੋਮਵਾਰ ਨੂੰ ਦੋਸ਼ ਲਾਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ 9 ਸਾਲਾਂ 'ਚ ਲੋਕਾਂ ਨੂੰ ਜਾਨਲੇਵਾ ਮਹਿੰਗਾਈ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਦੀ ਕਮਾਈ ਨੂੰ ਵੀ ਲੁੱਟ ਲਿਆ ਗਿਆ। ਪ੍ਰਧਾਨ ਮੰਤਰੀ ਮੋਦੀ ਨੇ 26 ਮਈ 2014 ਨੂੰ ਪਹਿਲੀ ਵਾਰ ਅਹੁਦੇ ਦੀ ਸਹੁੰ ਚੁੱਕੀ ਸੀ। ਇਹ ਬਤੌਰ ਪ੍ਰਧਾਨ ਮੰਤਰੀ ਉਨ੍ਹਾਂ ਦਾ ਦੂਜਾ ਕਾਰਜਕਾਲ ਹੈ।
ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਟਵੀਟ ਕੀਤਾ ਕਿ 9 ਸਾਲਾਂ ਵਿਚ ਜਾਨਲੇਵਾ ਮਹਿੰਗਾਈ, ਭਾਜਪਾ ਨੇ ਲੁੱਟੀ ਜਨਤਾ ਦੀ ਕਮਾਈ! ਹਰ ਜ਼ਰੂਰੀ ਚੀਜ਼ 'ਤੇ GST ਦੀ ਮਾਰ, ਵਿਗੜਿਆ ਬਜਟ, ਜਿਊਣਾ ਔਖਾ! ਹੰਕਾਰੀ ਵਾਅਦੇ ਕੀਤੇ ਕਿ ਮਹਿੰਗਾਈ ਤਾਂ ਦਿਸਦੀ ਨਹੀਂ ਜਾਂ ਇਹ ਮਹਿੰਗੀ ਚੀਜ਼ ਅਸੀਂ ਖਾਂਦੇ ਹੀ ਨਹੀਂ। ਚੰਗੇ ਦਿਨਾਂ ਤੋਂ ਅੰਮ੍ਰਿਤਕਾਲ ਦੀ ਯਾਤਰਾ, ਮਹਿੰਗਾਈ ਤੋਂ ਜਨ ਲੁੱਟ ਦੀ ਵਧਦੀ ਗਈ ਮਾਤਰਾ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ ਕਿ ਪਿਛਲੇ 9 ਸਾਲਾਂ ਵਿਚ ਪੀ. ਐੱਮ ਮੋਦੀ ਦੀਆਂ ਪ੍ਰਾਪਤੀਆਂ ਦਾ ਅਗਲੇ ਕੁਝ ਦਿਨਾਂ ਅਤੇ ਹਫ਼ਤਿਆਂ 'ਚ ਹਰ ਥਾਂ ਪ੍ਰਚਾਰ ਕੀਤਾ ਜਾਵੇਗਾ। ਖ਼ੁਦ ਪ੍ਰਧਾਨ ਮੰਤਰੀ ਮੋਦੀ, ਉਨ੍ਹਾਂ ਦੇ ਮੰਤਰੀ, ਭਾਜਪਾ ਦੇ ਹੋਰ ਨੇਤਾ ਅਤੇ ਉਨ੍ਹਾਂ ਲਈ ਢੋਲ ਵਜਾਉਣ ਵਾਲੇ ਇਸ ਕੰਮ ਵਿਚ ਲੱਗੇ ਰਹਿਣਗੇ ਪਰ ਗਰੀਬੀ ਦੀ ਕਗਾਰ 'ਤੇ ਖੜ੍ਹੇ ਲੋਕ, ਜਿਨ੍ਹਾਂ ਨੂੰ ਆਪਣੀਆਂ ਬੁਨਿਆਂਦੀ ਲੋੜਾਂ ਨੂੰ ਪੂਰਾ ਕਰਨ 'ਚ ਵੀ ਤਰ੍ਹਾਂ-ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ ਹਨ। ਉਹ ਇਕ ਹੀ ਗੱਲ ਪੁੱਛਣਗੇ- ਕੀ ਸਾਡੀ ਜ਼ਿੰਦਗੀ ਬਿਹਤਰ ਹੋਈ ਹੈ ਜਾਂ ਕੀ ਸਾਡੀ ਰੋਜ਼ੀ-ਰੋਟੀ ਵਿਚ ਸਕਾਰਾਤਮਕ ਬਦਲਾਅ ਆਇਆ ਹੈ? ਉਨ੍ਹਾਂ ਨੇ ਕਿਹਾ ਕਿ ਇਸ ਦਾ ਸਪੱਸ਼ਟ ਜਵਾਬ ਹੈ- ਨਹੀਂ।