ਹਿਮਾਚਲ ''ਚ ਬਰਫ਼ਬਾਰੀ ਕਾਰਨ ਜਨ-ਜੀਵਨ ਪ੍ਰਭਾਵਿਤ, ਉੱਚੇ ਇਲਾਕਿਆਂ ''ਚ ਨਾ ਜਾਣ ਸੈਲਾਨੀ
Monday, Jan 30, 2023 - 12:01 PM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਉੱਚਾਈ ਵਾਲੇ ਇਲਾਕਿਆਂ 'ਚ ਜਾਰੀ ਬਰਫ਼ਬਾਰੀ, ਤੇਜ਼ ਹਵਾਵਾਂ ਅਤੇ ਮੀਂਹ ਨਾਲ ਆਵਾਜਾਈ ਪ੍ਰਭਾਵਿਤ ਹੋਈ। ਕਈ ਥਾਵਾਂ 'ਤੇ ਬਿਜਲੀ ਸਪਲਾਈ ਠੱਪ ਹੋ ਗਈ। ਖ਼ਰਾਬ ਮੌਸਮ ਕਾਰਨ ਸੂਬੇ 'ਚ ਪਿਛਲੇ 24 ਘੰਟਿਆਂ ਦੌਰਾਨ ਆਮ ਜਨ-ਜੀਵਨ ਪ੍ਰਭਾਵਿਤ ਹੋ ਗਿਆ। ਮਿਲੀ ਰਿਪੋਰਟ ਮੁਤਾਬਕ ਸੂਬੇ ਦੇ ਉੱਚਾਈ ਵਾਲੇ ਇਲਾਕਿਆਂ 'ਚ ਬਰਫ਼ਬਾਰੀ ਹੋਈ ਹੈ। ਕੁੱਲੂ, ਸ਼ਿਮਲਾ ਅਤੇ ਕਿੰਨੌਰ ਦੀਆਂ ਉੱਚੀਆਂ ਪਹਾੜੀਆਂ 'ਤੇ ਕੱਲ ਰਾਤ ਬਰਫ਼ਬਾਰੀ ਹੋਈ। ਫਿਸਲਣ ਦੀ ਸਥਿਤੀ ਕਾਰਨ ਕਈ ਸੜਕਾਂ ਬੰਦ ਹੋ ਗਈਆਂ ਹਨ।
ਮੌਸਮ ਵਿਗਿਆਨ ਕੇਂਦਰ ਨੇ ਸ਼ਿਮਲਾ, ਕਿੰਨੌਰ, ਲਾਹੌਲ-ਸਪੀਤੀ, ਕੁੱਲੂ, ਚੰਬਾ, ਮੰਡੀ, ਕਾਂਗੜਾ ਅਤੇ ਸਿਰਮੌਰ ਦੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਸੈਲਾਨੀਆਂ ਅਤੇ ਲੋਕਾਂ ਨੂੰ ਉੱਚੇ ਇਲਾਕਿਆਂ 'ਚ ਨਾ ਜਾਣ ਦੀ ਅਪੀਲ ਕੀਤੀ ਹੈ। ਬਰਫ਼ਬਾਰੀ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਸ਼ਿਮਲਾ, ਸੋਲਨ, ਬਿਲਾਸਪੁਰ, ਊਨਾ, ਸਿਰਮੌਰ ਅਤੇ ਹਮੀਰਪੁਰ ਦੇ ਹੇਠਲੇ ਇਲਾਕਿਆਂ 'ਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੀ ਹਨ੍ਹੇਰੀ ਨੇ ਆਮ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਹੈ।
ਲਾਹੌਲ-ਸਪੀਤੀ, ਚੰਬਾ ਦੇ ਪਾਂਗੀ, ਭਰਮੌਰ ਅਤੇ ਉੱਪਰੀ ਸ਼ਿਮਲਾ 'ਚ ਬਰਫ਼ਬਾਰੀ ਕਾਰਨ ਇਨ੍ਹਾਂ ਦਾ ਜ਼ਿਲ੍ਹਾ ਹੈੱਡਕੁਆਰਟਰ ਨਾਲ ਸੰਪਰਕ ਟੁੱਟ ਗਿਆ। ਪਿਛਲੇ 24 ਘੰਟਿਆਂ ਵਿਚ 4 ਨੈਸ਼ਨਲ ਹਾਈਵੇਅ ਸਮੇਤ 280 ਸੜਕਾਂ ਬੰਦ ਹੋਣ ਦੀ ਸੂਚਨਾ ਹੈ। ਸੜਕਾਂ ਬੰਦ ਹੋਣ ਨਾਲ ਲੋਕਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਰਾਜਧਾਨੀ ਨੂੰ ਕਿੰਨੌਰ ਨਾਲ ਜੋੜਨ ਵਾਲਾ ਨੈਸ਼ਨਲ ਹਾਈਵੇਅ-5 ਕੁਫਰੀ ਅਤੇ ਨਾਰਕੰਡਾ ਆਵਾਜਾਈ ਲਈ ਬੰਦ ਹਨ।