ਕੇਰਲ ''ਚ ਭਾਰੀ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ, 13 ਜ਼ਿਲ੍ਹਿਆਂ ''ਚ ''ਯੈਲੋ ਅਲਰਟ'' ਜਾਰੀ
Tuesday, Oct 13, 2020 - 06:29 PM (IST)
ਤਿਰੂਵਨੰਤਪੁਰਮ— ਕੇਰਲ ਦੇ ਜ਼ਿਆਦਾਤਰ ਖੇਤਰਾਂ ਵਿਚ ਮੰਗਲਵਾਰ ਨੂੰ ਮੋਹਲੇਧਾਰ ਮੀਂਹ ਪਿਆ। ਇਸ ਤੋਂ ਬਾਅਦ ਕੋਝੀਕੋਡ ਸਮੇਤ ਕਈ ਜ਼ਿਲ੍ਹਿਆਂ 'ਚ ਮੀਂਹ ਦਾ ਪੂਰਵ ਅਨੁਮਾਨ ਜਤਾਉਂਦੇ ਹੋਏ ਮੌਸਮ ਮਹਿਕਮੇ ਨੇ ਅਲਰਟ ਜਾਰੀ ਕੀਤਾ ਹੈ। ਭਾਰਤੀ ਮੌਸਮ ਵਿਗਿਆਨ ਮਹਿਕਮੇ ਨੇ ਕੋਝੀਕੋਡ ਜ਼ਿਲ੍ਹੇ 'ਚ 'ਆਰੇਂਜ ਅਲਰਟ' ਅਤੇ ਹੋਰ ਜ਼ਿਲ੍ਹਿਆਂ ਵਿਚ ਮੰਗਲਵਾਰ ਨੂੰ 'ਯੈਲੋ ਅਲਰਟ' ਜਾਰੀ ਕੀਤਾ ਹੈ। ਯੈਲੋ ਅਲਰਟ ਜ਼ਰੀਏ ਸਾਵਧਾਨ ਰਹਿਣ ਅਤੇ ਆਰੇਂਜ ਅਲਰਟ ਜ਼ਰੀਏ ਵਧੇਰੇ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਜਾਂਦੀ ਹੈ।
ਮਹਿਕਮੇ ਨੇ ਬੁੱਧਵਾਰ ਲਈ ਤਿਰੂਵਨੰਤਪੁਰਮ, ਕੋਲਮ ਅਤੇ ਪਠਨਮਥਿੱਟਾ ਤੋਂ ਇਲਾਵਾ ਕਈ ਹੋਰ ਜ਼ਿਲ੍ਹਿਆਂ ਵਿਚ ਵੀ ਯੈਲੋ ਅਲਰਟ ਜਾਰੀ ਕੀਤਾ ਹੈ। ਉੱਥੇ ਹੀ ਤ੍ਰਿਸ਼ੂਲ, ਪਲੱਕੜ, ਮਲੱਪੁਰਮ, ਕੋਝੀਕੋਡ, ਵਾਇਨਾਡ, ਕਨੂੰਰ ਅਤੇ ਕਾਸਰਗੋਡ ਜ਼ਿਲ੍ਹਿਆਂ ਵਿਚ ਵੀਰਵਾਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਦੇ ਅੰਦਰ ਸੂਬੇ ਵਿਚ ਜ਼ਿਆਦਾਤਰ ਥਾਂਵਾਂ 'ਤੇ ਮੀਂਹ ਪਿਆ। ਸੂਬਾ ਆਫ਼ਤ ਪ੍ਰਬੰਧਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਵਿਚ ਭਾਰੀ ਮੀਂਹ ਕਾਰਨ ਮੱਧ ਕੇਰਲ ਦੇ ਕਈ ਘਰ ਮਾਮੂਲੀ ਰੂਪ ਨਾਲ ਨੁਕਸਾਨੇ ਗਏ ਹਨ, ਜਦਕਿ ਕੁਝ ਥਾਂਵਾਂ 'ਤੇ ਦਰਖ਼ਤ ਉਖੜ ਗਏ।