ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਨੇ ਅਮਰਨਾਥ ਯਾਤਰੀਆਂ ਦੇ ਪਹਿਲੇ ਜੱਥੇ ਨੂੰ ਕੀਤਾ ਰਵਾਨਾ

Friday, Jun 30, 2023 - 05:41 PM (IST)

ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸ਼ੁੱਕਰਵਾਰ ਸਵੇਰੇ ਇੱਥੋਂ ਦੇ ਭਗਵਤੀ ਨਗਰ ਕੈਂਪ ਤੋਂ ਸਾਲਾਨਾ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਜੱਥੇ ਵਿਚ ਕਰੀਬ 3400 ਸ਼ਰਧਾਲੂ ਸ਼ਾਮਲ ਹਨ। ਭਾਰੀ ਸੁਰੱਖਿਆ ਦਰਮਿਆਨ ਸ਼ਰਧਾਲੂਆਂ ਦਾ ਪਹਿਲਾ ਜੱਥਾ 3,880 ਮੀਟਰ ਦੀ ਉਚਾਈ ’ਤੇ ਸਥਿਤ ਪਵਿੱਤਰ ਗੁਫਾ ਦੇ ਦਰਸ਼ਨਾਂ ਲਈ ਕਸ਼ਮੀਰ ਦੇ ਦੋਵਾਂ ਬੇਸ ਕੈਂਪਾਂ ਲਈ ਰਵਾਨਾ ਹੋਇਆ।

ਰਸਤੇ ’ਚ ਹਰ ਥਾਂ ਫੌਜ, ਪੁਲਸ ਅਤੇ ਸੀ.ਆਰ.ਪੀ.ਐੱਫ. ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਅਮਰਨਾਥ ਦੀ 62 ਦਿਨਾਂ ਯਾਤਰਾ ਸ਼ਨੀਵਾਰ ਕਸ਼ਮੀਰ ਦੇ ਦੋਹਾਂ ਬੇਸ ਕੈਂਪਾਂ ਤੋਂ ਸ਼ੁਰੂ ਹੋਵੇਗੀ। ਇਸ ਯਾਤਰਾ ਦੇ ਦੋ ਰਸਤੇ ਹਨ। ਪਹਿਲਾ ਅਨੰਤਨਾਗ ਜ਼ਿਲੇ ’ਚ ਰਵਾਇਤੀ 48 ਕਿਲੋਮੀਟਰ ਲੰਬਾ ਨਨਵਾਨ-ਪਹਿਲਗਾਮ ਦਾ ਹੈ ਤੇ ਦੂਜਾ ਗੰਦਰਬਲ ਜ਼ਿਲੇ ’ਚ ਬਾਲਟਾਲ ਦਾ ਹੈ, ਜੋ ਕਰੀਬ 14 ਕਿਲੋਮੀਟਰ ਛੋਟਾ ਹੈ ਪਰ ਔਖਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਲਗਭਗ 3.5 ਲੱਖ ਸ਼ਰਧਾਲੂ ਯਾਤਰਾ ਲਈ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਜੰਮੂ ਦੇ ਡਿਪਟੀ ਕਮਿਸ਼ਨਰ ਅਵਨੀ ਲਵਾਸਾ ਨੇ ਦੱਸਿਆ ਕਿ ਜੰਮੂ ਵਿੱਚ 33 ਹਾਊਸਿੰਗ ਸੈਂਟਰ ਬਣਾਏ ਗਏ ਹਨ। ਰਜਿਸਟ੍ਰੇਸ਼ਨ ਕੇਂਦਰਾਂ ’ਤੇ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਟੈਗ ਜਾਰੀ ਕੀਤੇ ਜਾਣਗੇ। ਸ਼ਰਧਾਲੂਆਂ ਦੀ ਤੁਰੰਤ ਰਜਿਸਟ੍ਰੇਸ਼ਨ ਲਈ ਵੈਸ਼ਨਵੀ ਧਾਮ, ਮਹਾਜਨ ਸਭਾ ਤੇ ਪੰਚਾਇਤ ਘਰ ਵਿਖੇ ਪੰਜ ਕਾਊਂਟਰ ਸਥਾਪਿਤ ਕੀਤੇ ਗਏ ਹਨ। ਸੰਤਾਂ ਦੀ ਰਜਿਸਟ੍ਰੇਸ਼ਨ ਲਈ ਗੀਤਾ ਭਵਨ ਅਤੇ ਰਾਮ ਮੰਦਰ ਵਿਖੇ ਦੋ ਕਾਊਂਟਰ ਸਥਾਪਿਤ ਕੀਤੇ ਗਏ ਹਨ। ਅਧਿਕਾਰੀ ਨੇ ਕਿਹਾ ਕਿ ਟੈਗ ਲੈਣਾ ਲਾਜ਼ਮੀ ਹੈ।


DIsha

Content Editor

Related News