ਲੈਫਟੀਨੈਂਟ ਕਰਨਲ ਬਣਨ ਵਾਲੀ ਅਰੁਣਾਚਲ ਦੀ ਪਹਿਲੀ ਮਹਿਲਾ ਅਫ਼ਸਰ ਬਣੀ ਪੋਨੂੰਗ ਡੋਮਿੰਗ
Tuesday, Sep 24, 2019 - 09:49 AM (IST)

ਅਰੁਣਾਚਲ ਪ੍ਰਦੇਸ਼— ਪੋਨੂੰਗ ਡੋਮਿੰਗ ਅਰੁਣਾਚਲ ਪ੍ਰਦੇਸ਼ ਦੀ ਪਹਿਲੀ ਮਹਿਲਾ ਲੈਫਟੀਨੈਂਟ ਕਰਨਲ ਬਣ ਗਈ ਹੈ। ਡੋਮਿੰਗ ਦੀ ਇਸ ਇਤਿਹਾਸਕ ਉਪਲੱਬਧੀ 'ਤੇ ਰਾਜ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਟਵੀਟ ਕਰ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਨਾਲ ਹੀ ਉਨ੍ਹਾਂ ਦੀ ਫੋਟੋ ਵੀ ਸ਼ੇਅਰ ਕੀਤੀ ਹੈ। ਭਾਰਤੀ ਫੌਜ 'ਚ ਲੈਫਟੀਨੈਂਟ ਜਨਰਲ ਬਣਨ ਵਾਲੀ ਅਰੁਣਾਚਲ ਪ੍ਰਦੇਸ਼ ਦੀ ਉਹ ਪਹਿਲੀ ਮਹਿਲਾ ਫੌਜ ਅਧਿਕਾਰੀ ਹੈ। ਮੁੱਖ ਮੰਤਰੀ ਪੇਮਾ ਖਾਂਡੂ ਨੇ ਟਵੀਟ ਕਰ ਕੇ ਕਿਹਾ,''ਸਾਡੇ ਲਈ ਮਾਣ ਦਾ ਪਲ, ਮੇਜਰ ਪੋਂਗ ਡੋਮਿੰਗ ਨੇ ਇਤਿਹਾਸ ਰਚ ਦਿੱਤਾ ਹੈ। ਉਹ ਅਰੁਣਾਚਲ ਪ੍ਰਦੇਸ਼ ਤੋਂ ਭਾਰਤੀ ਫੌਜ 'ਚ ਲੈਫਟੀਨੈਂਟ ਕਰਨਲ ਤੱਕ ਪਹੁੰਚਣ ਵਾਲੀ ਪਹਿਲੀ ਮਹਿਲਾ ਫੌਜ ਅਫ਼ਸਰ ਹੈ।''
ਔਰਤਾਂ ਨੂੰ ਹਥਿਆਰਬੰਦ ਫੋਰਸਾਂ 'ਚ ਸਿਰਫ਼ ਅਧਿਕਾਰੀ ਦੇ ਅਹੁਦੇ 'ਤੇ ਭਰਤੀ ਕੀਤਾ ਜਾਂਦਾ ਹੈ। ਸਰਕਾਰ ਵਲੋਂ ਪਿਛਲੇ ਸਾਲ ਸੰਸਦ 'ਚ ਦਿੱਤੀ ਗਈ ਜਾਣਕਾਰੀ ਅਨੁਸਾਰ, ਫੌਜ 'ਚ ਸਿਰਫ਼ 3.80 ਫੀਸਦੀ ਹੀ ਮਹਿਲਾ ਅਧਿਕਾਰੀ ਹਨ। ਕੇਂਦਰ ਸਰਕਾਰ ਨੇ ਲੋਕ ਸਭਾ 'ਚ ਆਪਣੇ ਇਕ ਲਿਖਤੀ ਉੱਤਰ 'ਚ ਕਿਹਾ ਸੀ ਕਿ ਭਾਰਤੀ ਜਲ ਸੈਨਾ 'ਚ 6 ਫੀਸਦੀ ਮਹਿਲਾ ਅਧਿਕਾਰੀ ਹਨ, ਜਦੋਂ ਕਿ ਭਾਰਤੀ ਹਵਾਈ ਫੌਜ 'ਚ ਮਹਿਲਾ ਅਧਿਕਾਰੀਆਂ ਦੀ ਹਿੱਸੇਦਾਰੀ 13.09 ਫੀਸਦੀ ਹੈ।
ਪਿਛਲੇ ਮਹੀਨੇ ਵਿੰਗ ਕਮਾਂਡਰ ਸ਼ੈਲਜਾ ਧਾਮੀ ਭਾਰਤੀ ਹਵਾਈ ਫੌਜ 'ਚ ਫਲਾਇੰਗ ਕਮਾਂਡਰ 'ਚ ਸ਼ਾਮਲ ਹੋਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣੀ ਸੀ। ਉਨ੍ਹਾਂ ਨੇ 26 ਅਗਸਤ ਨੂੰ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ 'ਚ ਚੇਤਕ ਹੈਲੀਕਾਪਟਰ ਯੂਨਿਟ ਦਾ ਚਾਰਜ ਸੰਭਾਲਿਆ ਸੀ। ਅਰੁਣਾਚਲ ਪ੍ਰਦੇਸ਼ ਦੀ ਪੋਨੂੰਗ ਡੋਮਿੰਗ ਪੂਰਬੀ ਸਿਆਂਗ ਜ਼ਿਲੇ ਦੇ ਪਾਸੀਘਾਟ ਦੇ ਜੀ.ਟੀ.ਸੀ. ਦੀ ਰਹਿਣ ਵਾਲੀ ਹੈ। ਉਹ ਆਪਣੇ ਚਾਰ ਭਰਾ-ਭੈਣਾਂ 'ਚ ਸਭ ਤੋਂ ਵੱਡੀ ਬੇਟੀ ਹੈ। ਸਰਕਾਰੀ ਸਕੂਲ 'ਚ ਪੜ੍ਹੀ ਡੋਮਿੰਗ ਬਚਪਨ ਤੋਂ ਹੀ ਫੌਜ ਅਫ਼ਸਰ ਬਣਨਾ ਚਾਹੁੰਦੀ ਸੀ।