ਜੰਮੂ ਕਸ਼ਮੀਰ : ਅਨੰਤਨਾਗ 'ਚ ਮੁਕਾਬਲਾ ਖ਼ਤਮ, ਮਾਰੇ ਗਏ 2 ਅੱਤਵਾਦੀਆਂ 'ਚ ਲਸ਼ਕਰ ਕਮਾਂਡਰ ਵੀ ਸ਼ਾਮਲ
Tuesday, Sep 19, 2023 - 04:50 PM (IST)
ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਅੱਤਵਾਦੀਆਂ ਨਾਲ ਪਿਛਲੇ 7 ਦਿਨਾਂ ਤੋਂ ਜਾਰੀ ਮੁਕਾਬਲਾ ਮੰਗਲਵਾਰ ਨੂੰ ਖ਼ਤਮ ਹੋ ਗਿਆ। ਕਸ਼ਮੀਰ ਦੇ ਐਡੀਸ਼ਨਲ ਪੁਲਸ ਡਾਇਰੈਕਟਰ ਜਨਰਲ ਵਿਜੇ ਕੁਮਾਰ ਨੇ ਮੰਗਲਵਾਰ ਨੂੰ ਦੱਸਿਆ ਕਿ ਮਾਰੇ ਗਏ 2 ਅੱਤਵਾਦੀਆਂ 'ਚ ਲਸ਼ਕਰ-ਏ-ਤੋਇਬਾ ਦਾ ਕਮਾਂਡਰ ਉਜੈਰ ਖਾਨ ਵੀ ਸ਼ਾਮਲ ਹੈ। ਕੁਮਾਰ ਨੇ ਕਿਹਾ ਕਿ ਗੋਲੀਬਾਰੀ 'ਚ ਫ਼ੌਜ ਦੇ 2 ਅਧਿਕਾਰੀਆਂ ਅਤੇ ਇਕ ਪੁਲਸ ਅਧਿਕਾਰੀ ਸਮੇਤ ਚਾਰ ਸੁਰੱਖਿਆ ਕਰਮੀਆਂ ਦੀ ਜਾਨ ਚਲੀ ਗਈ। ਏ.ਡੀ.ਜੀ.ਪੀ. ਨੇ ਅਨੰਤਨਾਗ 'ਚ ਪੱਤਰਕਾਰਾਂ ਨੂੰ ਦੱਸਿਆ,''ਅਜੇ ਤੱਕ ਲਸ਼ਕਰ ਕਮਾਂਡਰ ਉਜੈਰ ਖਾਨ ਦੀ ਲਾਸ਼ ਬਰਾਮਦ ਕੀਤੀ ਜਾ ਚੁੱਕੀ ਹੈ। ਦੂਜੇ ਅੱਤਵਾਦੀ ਦੀ ਲਾਸ਼ ਦਿੱਸ ਰਹੀ ਹੈ ਪਰ ਅਜੇ ਤੱਕ ਉਸ ਨੂੰ ਕੱਢਣਾ ਸੰਭਵ ਨਹੀਂ ਹੋ ਸਕਿਆ ਹੈ।''
ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਬੁੱਧਵਾਰ ਨੂੰ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਗਡੋਲੇ ਜੰਗਲਾਤ ਖੇਤਰ 'ਚ ਸ਼ੁਰੂ ਹੋਈ ਗੋਲੀਬਾਰੀ ਖ਼ਤਮ ਹੋ ਗਈ ਹੈ ਪਰ ਤਲਾਸ਼ੀ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਕਿਹਾ,''ਇਕ ਬਹੁਤ ਵੱਡਾ ਖੇਤਰ ਹੈ, ਜਿੱਥੇ ਤਲਾਸ਼ੀ ਲਈ ਜਾਣੀ ਬਾਕੀ ਹੈ। ਬਹੁਤ ਸਾਰੇ ਗੋਲੇ ਹੋ ਸਕਦੇ ਹਨ, ਜਿਨ੍ਹਾਂ 'ਚ ਧਮਾਕੇ ਨਾ ਹੋਇਆ ਹੋਵੇ, ਉਨ੍ਹਾਂ ਨੂੰ ਬਰਾਮਦ ਕਰ ਕੇ ਨਸ਼ਟ ਕੀਤਾ ਜਾਵੇਗਾ। ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਖੇਤਰ 'ਚ ਨਾ ਜਾਣ।'' ਏ.ਡੀ.ਜੀ.ਪੀ. ਨੇ ਕਿਹਾ ਕਿ ਸੁਰੱਖਿਆ ਫ਼ੋਰਸਾਂ ਨੂੰ ਰਿਪੋਰਟ ਮਿਲੀ ਸੀ ਕਿ ਉੱਥੇ 2 ਤੋਂ ਤਿੰਨ ਅੱਤਵਾਦੀ ਹਨ। ਕੁਮਾਰ ਨੇ ਕਿਹਾ,''ਸੰਭਾਵਨਾ ਹੈ ਕਿ ਤੀਜੇ ਦੀ ਲਾਸ਼ ਕਿਤੇ ਹੋਵੇ। ਤਲਾਸ਼ ਪੂਰੀ ਹੋਣ ਦੇ ਬਾਅਦ ਇਸ ਦਾ ਪਤਾ ਲੱਗੇਗਾ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8