ਇਨੈਲੋ ਦੀ ਰੈਲੀ ’ਚ ਸ਼ਾਮਲ ਹੋਣਗੇ ਊਧਵ, ਨਿਤੀਸ਼ ਸਮੇਤ ਵਿਰੋਧੀ ਪਾਰਟੀਆਂ ਦੇ ਕਈ ਨੇਤਾ
Thursday, Sep 22, 2022 - 03:19 PM (IST)
ਨਵੀਂ ਦਿੱਲੀ/ਹਰਿਆਣਾ- ਹਰਿਆਣਾ ਦੇ ਫਤਿਹਾਬਾਦ ’ਚ 25 ਸਤੰਬਰ ਨੂੰ ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਦੀ ਰੈਲੀ ’ਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਨੇਤਾ ਸ਼ਰਦ ਪਵਾਰ, ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂਨਾਈਟੇਡ) ਮੁਖੀ ਨਿਤੀਸ਼ ਕੁਮਾਰ, ਸ਼ਿਵ ਸੈਨਾ ਦੇ ਊਧਵ ਠਾਕਰੇ ਸਮੇਤ ਵਿਰੋਧੀ ਧਿਰ ਦੇ ਕਈ ਨੇਤਾ ਸ਼ਾਮਲ ਹੋਣਗੇ।
ਜਨਤਾ ਦਲ (ਯੂਨਾਈਟੇਡ) ਦੇ ਬੁਲਾਰੇ ਕੇ. ਸੀ. ਤਿਆਗੀ ਨੇ ਦੱਸਿਆ ਕਿ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਨੇਤਾ ਅਤੇ ਬਿਹਾਰ ਦੇ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ, ਨੈਸ਼ਨਲ ਕਾਨਫਰੰਸ (ਨੇਕਾਂ) ਦੇ ਫਾਰੂਕ ਅਬਦੁੱਲਾ, ਭਾਰਤੀ ਕਮਿਊਨਿਸਟ ਪਾਰਟੀ ਦੇ ਸੀਤਾਰਮਨ ਯੇਚੁਰੀ ਅਤੇ ਭਾਜਪਾ ਪਾਰਟੀ ਨੇਤਾ ਬੀਰੇਂਦਰ ਸਿੰਘ ਵੀ ਸਾਬਕਾ ਉੱਪ ਪ੍ਰਧਾਨ ਮੰਤਰੀ ਅਤੇ ਇਨੈਲੋ ਦੇ ਸੰਸਥਾਪਕ ਦੇਵੀ ਲਾਲ ਦੀ ਜਯੰਤੀ ’ਤੇ ਆਯੋਜਿਤ ਕੀਤੀ ਜਾ ਰਹੀ ਰੈਲੀ ’ਚ ਸ਼ਾਮਲ ਹੋਣ ਨੂੰ ਰਾਜ਼ੀ ਹੋ ਗਏ ਹਨ।
ਤਿਆਗੀ ਨੇ ਕਿਹਾ ਕਿ ਇਹ ਇਕ ਇਤਿਹਾਸਕ ਬੈਠਕ ਹੋਵੇਗੀ, ਜੋ 2024 ਦੀਆਂ ਲੋਕ ਸਭਾ ਚੋਣਾਂ ’ਚ ਸੱਤਾਧਾਰੀ ਭਾਜਪਾ ਖ਼ਿਲਾਫ਼ ਬਰਾਬਰ ਵਿਚਾਰਧਾਰਾ ਵਾਲੀਆਂ ਪਾਰਟੀਆਂ ਦੀ ਇਕਜੁਟਤਾ ਪ੍ਰਦਰਸ਼ਿਤ ਕਰੇਗੀ। ਇਨੈਲੋ ਦੇ ਨੇਤਾ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਅਤੇ ਤੇਲੁਗੂ ਦੇਸ਼ਮ ਪਾਰਟੀ ਦੇ ਚੰਦਰਬਾਬੂ ਨਾਇਡੂ ਸਮੇਤ ਕਈ ਹੋਰ ਵੱਡੇ ਖੇਤਰੀ ਨੇਤਾਵਾਂ ਨੂੰ ਜਨ ਸਭਾ ’ਚ ਸ਼ਾਮਲ ਹੋਣ ਦਾ ਸੱਦਾ ਭੇਜਿਆ ਹੈ।