ਹੜਤਾਲ ''ਤੇ ਚੱਲ ਰਹੇ ਵਕੀਲ ਹੁਣ ਸੰਸਦ ਦਾ ਕਰਨਗੇ ਘਿਰਾਓ
Wednesday, Nov 13, 2019 - 07:49 PM (IST)

ਨਵੀਂ ਦਿੱਲੀ — ਤੀਸ ਹਜ਼ਾਰੀ ਕੋਰਟ ਦੇ ਵਕੀਲਾਂ ਤੇ ਪੁਲਸ ਵਿਚਾਲੇ ਵਿਵਾਦ ਹੋਣ ਤੋਂ ਬਾਅਦ ਇਸ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ। ਹੜਤਾਲ 'ਤੇ ਚੱਲ ਰਹੇ ਦਿੱਲੀ ਦੇ ਵਕੀਲਾਂ ਨੇ ਹੁਣ ਸੰਸਦ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਕੋ-ਆਰਡੀਨੇਸ਼ਨ ਕਮੇਟੀ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਦੀ ਬਜਾਏ ਹੁਣ ਉਹ ਸੰਸਦ ਪਹੁੰਚ ਕੇ ਪ੍ਰਦਰਸ਼ਨ ਕਰਨਗੇ। ਵਕੀਲਾਂ ਦਾ ਇਹ ਪ੍ਰਦਰਸ਼ਨ 20 ਨਵੰਬਰ ਨੂੰ ਹੋਵੇਗਾ। ਹੜਤਾਲੀ ਵਕੀਲ ਪਟਿਆਲਾ ਹਾਊਸ ਕੋਰਟ 'ਤੇ ਇਕੱਠਾ ਹੋਣਗੇ ਅਤੇ ਉਥੋਂ ਹੀ ਮਾਰਚ ਸ਼ੁਰੂ ਕਰਦੇ ਹੋਏ ਸੰਸਦ ਪਹੁੰਚਣਗੇ।
ਦਿੱਲੀ ਹਾਈ ਕੋਰਟ 'ਚ ਦਾਇਰ ਹੋਈ ਪਟੀਸ਼ਨ
ਦੱਸ ਦਈਏ ਕਿ ਦਿੱਲੀ ਹਾਈ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ। ਜਿਸ 'ਚ ਵਕੀਲਾਂ ਅਤੇ ਪੁਲਸ ਵਿਚਾਲੇ ਝੜਪ ਤੋਂ ਬਾਅਦ ਜ਼ਿਲਾ ਅਦਾਲਤਾਂ 'ਚ ਹੜਕਾਲ ਦੌਰਾਨ ਮੁਦਈ, ਪੁਲਸਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਕਥਿਤ ਤੌਰ 'ਤੇ ਕੁੱਟਣ ਵਾਲੇ ਵਕੀਲਾਂ ਖਿਲਾਫ ਕਾਰਵਾਈ ਕੀਤੇ ਜਾਣ ਦੀ ਅਪੀਲ ਕੀਤੀ ਗਈ ਹੈ।
11 ਫਰਵਰੀ 2020 ਨੂੰ ਹੈ ਅਗਲੀ ਸੁਣਵਾਈ
ਮੁੱਖ ਜੱਜ ਡੀ.ਐੱਨ. ਪਟੇਲ ਤੇ ਜੱਜ ਹਰੀਸ਼ੰਕਰ ਦੀ ਬੈਂਚ ਨੇ ਬੁੱਧਵਾਰ ਨੂੰ ਕਿਹਾ ਕਿ ਮੌਜੂਦਾ ਸਮੇਂ 'ਚ ਪੁਲਸ ਅਤੇ ਵਕੀਲਾਂ ਵਿਚਾਲੇ ਮੁੱਦਿਆਂ ਨੂੰ ਹੱਲ ਕੀਤਾ ਜਾ ਰਿਹਾ ਹੈ। ਬੈਂਚ ਨੇ ਮਾਮਲੇ ਦੀ ਸੁਣਵਾਈ ਦੀ ਤਰੀਕ 11 ਫਰਵਰੀ, 2020 ਤੈਅ ਕੀਤੀ।