ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਗੁਰੂਗ੍ਰਾਮ ਦੇ ਸਕੂਲ ਸੰਚਾਲਕ ਨੂੰ ਜਾਨੋਂ ਮਾਰਨ ਦੀ ਧਮਕੀ
Saturday, Jun 04, 2022 - 04:06 PM (IST)

ਗੁਰੂਗ੍ਰਾਮ (ਮੋਹਿਤ ਕੁਮਾਰ)– ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਵਿਚ ਸ਼ਾਮਲ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਹੌਸਲੇ ਅਜੇ ਵੀ ਬੁਲੰਦ ਹਨ।ਜੇਲ੍ਹ ’ਚ ਬੰਦ ਹੋਣ ਦੇ ਬਾਵਜੂਦ ਉਸ ਦੀ ਦਹਿਸ਼ਤ ਬਰਕਰਾਰ ਹੈ। ਬਿਸ਼ਨੋਈ ਗੈਂਗ ਨੇ ਹੁਣ ਇਕ ਸਕੂਲ ਸੰਚਾਲਕ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਬਿਸ਼ਨੋਈ ਗੈਂਗ ਵਲੋਂ ਗੁਰੂਗ੍ਰਾਮ ਦੇ ਸਕੂਲ ਸੰਚਾਲਕ ਜੇ. ਪੀ. ਯਾਦਵ ਨੂੰ ਫਿਰੌਤੀ ਨਾ ਦੇਣ ’ਤੇ ਅਗਵਾ ਕਰਨ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਸਕੂਲ ਸੰਚਾਲਕ ਦੀ ਸ਼ਿਕਾਇਤ 'ਤੇ ਗੁਰੂਗ੍ਰਾਮ ਦੇ ਫ਼ਾਰੂਖਨਗਰ ਪੁਲਸ ਸਟੇਸ਼ਨ 'ਚ ਅਣਪਛਾਤੇ ਕਾਲਰ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਨੀਰਜ ਬਵਾਨਾ ਨੂੰ ਕਿਹਾ ਜਾਂਦੈ ‘ਦਿੱਲੀ ਦਾ ਦਾਊਦ’, ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦਾ ਕੀਤਾ ਐਲਾਨ
ਅਗਵਾ ਕਰਨ ਦਾ ਕਾਰਨ ਪੁੱਛਿਆ ਤਾਂ ਫੋਨ ਕੱਟ ਦਿੱਤਾ
ਜਾਣਕਾਰੀ ਮੁਤਾਬਕ ਗੁਰੂਗ੍ਰਾਮ 'ਚ ਸਕੂਲ ਚਲਾਉਣ ਵਾਲੇ ਜੇ. ਪੀ. ਯਾਦਵ ਨੂੰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਧਮਕੀ ਭਰੀ ਫੋਨ ਕਾਲ ਆਈ ਹੈ। ਫੋਨ ਕਰਨ ਵਾਲੇ ਨੇ ਖ਼ੁਦ ਨੂੰ ਬਿਸ਼ਨੋਈ ਗੈਂਗ ਦਾ ਬਦਮਾਸ਼ ਦੱਸਿਆ ਹੈ। ਬਿਸ਼ਨੋਈ ਗੈਂਗ ਦੇ ਗੁਰਗੇ ਨੇ ਸਕੂਲ ਸੰਚਾਲਕ ਜੇ. ਪੀ. ਯਾਦਵ ਤੋਂ ਫਿਰੌਤੀ ਦੀ ਮੰਗ ਕੀਤੀ। ਫਿਰੌਤੀ ਨਾ ਦੇਣ 'ਤੇ ਸੋਮਵਾਰ ਨੂੰ ਉਸ ਨੂੰ ਅਗਵਾ ਕਰਨ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਅਣਪਛਾਤੇ ਕਾਲਰ ਨੇ ਯਾਦਵ ਨੂੰ ਮਾਰਨ ਦੀ ਗੱਲ ਆਖੀ।
ਇਹ ਵੀ ਪੜ੍ਹੋ- ਜਾਣੋ ਕੌਣ ਹਨ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ? ਜਿਨ੍ਹਾਂ ਨੇ ‘ਸਿੱਧੂ ਮੂਸੇਵਾਲਾ’ ਦੇ ਕਤਲ ਦੀ ਲਈ ਜ਼ਿੰਮੇਵਾਰੀ
ਜਦੋਂ ਸਕੂਲ ਸੰਚਾਲਕ ਨੇ ਅਗਵਾ ਕਰਨ ਦਾ ਕਾਰਨ ਪੁੱਛਿਆ ਤਾਂ ਕਾਲਰ ਨੇ ਫੋਨ ਕੱਟ ਦਿੱਤਾ। ਧਮਕੀ ਭਰੀ ਕਾਲ ਮਿਲਣ ਤੋਂ ਬਾਅਦ ਘਬਰਾਏ ਹੋਏ ਸਕੂਲ ਸੰਚਾਲਕ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਉਸ ਦੀ ਸ਼ਿਕਾਇਤ ’ਤੇ ਥਾਣਾ ਫ਼ਾਰੂਖਨਗਰ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਆਈ. ਪੀ. ਸੀ ਦੀ ਧਾਰਾ-506 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਹੁਣ ਕਾਲਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ- ‘ਮਾਸੀ ਦਾ ਪਤਾ ਲੈਣ ਨਿਕਲਿਆ ਸੀ ਸਿੱਧੂ, ਪੈਂਚਰ ਸੀ ਪਜੈਰੋ, ਕਹਿੰਦਾ ਥਾਰ ਕਦੇ ਲੈ ਕੇ ਨਹੀਂ ਗਏ, ਅੱਜ ਇਸ ਨੂੰ ਹੀ ਲੈ ਚੱਲਦੇ ਹਾਂ’