ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦਾ 92 ਸਾਲ ਦੀ ਉਮਰ ’ਚ ਦਿਹਾਂਤ
Sunday, Feb 06, 2022 - 09:56 AM (IST)
ਮੁੰਬਈ— ਐਤਵਾਰ ਯਾਨੀ ਅੱਜ ਇਕ ਦੁਖਦ ਖ਼ਬਰ ਸਾਹਮਣੇ ਆਈ ਹੈ। ਹਿੰਦੀ ਸਿਨੇਮਾ ਅਤੇ ਸੰਗੀਤ ਜਗਤ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਵਾਲੀ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦਾ ਦਿਹਾਂਤ ਹੋ ਗਿਆ ਹੈ। 92 ਸਾਲ ਦੀ ਉਮਰ ਵਿਚ ਲਤਾ ਮੰਗੇਸ਼ਕਰ ਨੇ ਆਖ਼ਰੀ ਸਾਹ ਲਿਆ। ਉਨ੍ਹਾਂ ਦੀ ਭੈਣ ਊਸ਼ਾ ਮੰਗੇਸ਼ਕਰ ਨੇ ਦੱਸਿਆ ਕਿ ਲਤਾ ਦਾ ਐਤਵਾਰ ਦੀ ਸਵੇਰ ਨੂੰ ਹਸਪਤਾਲ ’ਚ ਦਿਹਾਂਤ ਹੋ ਗਿਆ। ਉਨ੍ਹਾਂ ਦਾ ਜਨਮ 28 ਸਤੰਬਰ 1929 ਨੂੰ ਇੰਦੌਰ ਵਿਚ ਹੋਇਆ ਸੀ।
ਦੱਸਣਯੋਗ ਹੈ ਕਿ ਲਤਾ ਮੰਗੇਸ਼ਕਰ ਪਿਛਲੇ 27 ਦਿਨਾਂ ਤੋਂ ਬੀਮਾਰ ਚੱਲ ਰਹੀ ਸੀ। ਲਤਾ ਨੂੰ 8 ਜਨਵਰੀ ਨੂੰ ਕੋਰੋਨਾ ਹੋਣ ਮਗਰੋਂ ਮੁੰਬਈ ਦੇ ਬ੍ਰੀਚ ਕ੍ਰੈਂਡੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਲਤਾ ਨੂੰ ਕੋਰੋਨਾ ਨਾਲ ਨਿਮੋਨੀਆ ਵੀ ਹੋਇਆ ਸੀ। ਉਨ੍ਹਾਂ ਦੀ ਉਮਰ ਨੂੰ ਵੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਆਈ. ਸੀ. ਯੂ. ’ਚ ਭਰਤੀ ਕੀਤਾ ਸੀ। ਇਨ੍ਹਾਂ 27 ਦਿਨਾਂ ਵਿਚ 2 ਦਿਨ ਲਈ ਉਨ੍ਹਾਂ ਨੂੰ ਵੈਂਟੀਲੇਟਰ ਤੋਂ ਹਟਾਇਆ ਗਿਆ ਸੀ। ਫਿਰ ਜਿਵੇਂ ਹੀ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ ਤਾਂ ਫਿਰ ਤੋਂ ਲਤਾ ਨੂੰ ਵੈਂਟੀਲੇਟਰ ਸਪੋਰਟ ’ਤੇ ਲਿਆਂਦਾ ਗਿਆ ਸੀ।
ਲਤਾ ਨੂੰ ਸੁਰਾਂ ਦੀ ਮਲਿਕਾ ਕਿਹਾ ਜਾਂਦਾ ਸੀ-
ਲਤਾ ਮੰਗੇਸ਼ਕਰ ਨੂੰ ਪਿਆਰ ਨਾਲ ਭਾਰਤ ਦੀ ਕੋਕਿਲਾ ਯਾਨੀ ਕਿ ਸੁਰਾਂ ਦੀ ਮਲਿਕਾ ਕਿਹਾ ਜਾਂਦਾ ਹੈ। ਉਨ੍ਹਾਂ ਨੇ 13 ਸਾਲ ਦੀ ਉਮਰ ਵਿਚ ਸੰਗੀਤ ਜਗਤ ਵਿਚ ਕਦਮ ਰੱਖਿਆ ਅਤੇ 1942 ’ਚ ਆਪਣਾ ਪਹਿਲਾ ਗੀਤ ਰਿਕਾਰਡ ਕੀਤਾ। 7 ਦਹਾਕਿਆਂ ਦੇ ਆਪਣੇ ਕਰੀਅਰ ਵਿਚ ਉਨ੍ਹਾਂ ਨੇ ਵੱਖ-ਵੱਖ ਭਾਸ਼ਾਵਾਂ ’ਚ ਗਾਣੇ ਗਾਏ। ਲਤਾ ਮੰਗੇਸ਼ਕਰ ਦਾ ਸੰਗੀਤ ਇੰਡਸਟਰੀ ’ਚ ਵਡਮੁੱਲਾ ਯੋਗਦਾਨ ਸੀ। ਲਤਾ ਨੂੰ ‘ਇਕ ਪਿਆਰ ਕਾ ਨਗਮਾ ਹੈ’, ‘ਰਾਮ ਤੇਰੀ ਗੰਗਾ ਮੈਲੀ’, ‘ਇਕ ਰਾਧਾ ਇਕ ਮੀਰਾ’ ਅਤੇ ‘ਦੀਦੀ ਤੇਰਾ ਦੇਵਰ ਦੀਵਾਨਾ’ ਵਰਗੇ ਲੋਕਪਿ੍ਰਯ ਗਾਣਿਆਂ ਦੀ ਆਵਾਜ਼ ਰਹੀ ਹੈ।
ਇਨ੍ਹਾਂ ਐਵਾਰਡ ਨਾਲ ਕੀਤਾ ਗਿਆ ਸਨਮਾਨਤ—
ਲਤਾ ਨੂੰ ਕਈ ਸਾਰੇ ਐਵਾਰਡਜ਼ ਨਾਲ ਨਵਾਜਿਆ ਗਿਆ ਸੀ। ਉਨ੍ਹਾਂ ਨੂੰ 1969 ’ਚ ਤੀਜਾ ਸਰਵਉੱਚ ਨਾਗਰਿਕ ਐਵਾਰਡ ‘ਪਦਮ ਭੂਸ਼ਣ’, 1999 ਵਿਚ ਦੂਜਾ ਸਰਵਉੱਚ ਨਾਗਰਿਕ ਐਵਾਰਡ ‘ਪਦਮ ਵਿਭੂਸ਼ਣ’ ਅਤੇ 2001 ’ਚ ਸਰਵਉੱਚ ਨਾਗਰਿਕ ਐਵਾਰਡ ‘ਭਾਰਤ ਰਤਨ’ ਨਾਲ ਸਨਮਾਨਤ ਕੀਤਾ ਗਿਆ ਸੀ। ਲਤਾ ਦੀਦੀ ਮੀਨਾ ਖਾਦੀਕਰ, ਆਸ਼ਾ ਭੋਂਸਲੇ, ਊਸ਼ਾ ਮੰਗੇਸ਼ਕਰ ਅਤੇ ਹਿਰਦਯਨਾਥ ਮੰਗੇਸ਼ਕਰ ਆਪਣੇ ਭਰਾ-ਭੈਣਾਂ ਤੋਂ ਸਭ ਤੋਂ ਵੱਡੀ ਸੀ। ਆਪਣੇ ਭਰਾ-ਭੈਣਾਂ ਦੇ ਬਿਹਤਰ ਭਵਿੱਖ ਲਈ ਲਤਾ ਨੇ ਵਿਆਹ ਨਹੀਂ ਕਰਵਾਇਆ ਸੀ।
ਲਤਾ ਮੰਗੇਸ਼ਕਰ ਚਾਹੇ ਇਹ ਦੁਨੀਆ ਨੂੰ ਛੱਡ ਕੇ ਚਲੀ ਗਈ ਹੈ ਪਰ ਆਪਣੇ ਸਦਾਬਹਾਰ ਗਾਣਿਆਂ ਦੀ ਵਿਰਾਸਤ ਆਪਣੇ ਪ੍ਰਸ਼ੰਸਕਾਂ ਲਈ ਛੱਡ ਗਈ ਹੈ। ਲਤਾ ਦੇੇ ਇਨ੍ਹਾਂ ਗਾਣਿਆਂ ਨੇ ਉਨ੍ਹਾਂ ਨੂੰ ਇਸ ਦੁਨੀਆ ’ਚ ਅਮਰ ਕਰ ਦਿੱਤਾ ਹੈ।