ਰੱਖੜੀ ਮੌਕੇ ਲਤਾ ਮੰਗੇਸ਼ਕਰ ਨੇ PM ਮੋਦੀ ਤੋਂ ਮੰਗਿਆ ਖ਼ਾਸ ‘ਵਾਅਦਾ’, ਵੀਡੀਓ ਵੀ ਕੀਤੀ ਸਾਂਝੀ

08/03/2020 4:46:30 PM

ਨਵੀਂ ਦਿੱਲੀ (ਭਾਸ਼ਾ)— ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਨੇ ਰੱਖੜੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਦੇਸ਼ ਨੂੰ ਹੋਰ ਉੱਚਾਈਆਂ 'ਤੇ ਲੈ ਕੇ ਜਾਣ ਦਾ ਵਾਅਦਾ ਮੰਗਿਆ, ਜਿਸ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰੋੜਾਂ ਮਾਂਵਾਂ ਅਤੇ ਭੈਣਾਂ ਦੇ ਆਸ਼ੀਰਵਾਦ ਸਦਕਾ ਦੇਸ਼ ਨਿੱਤ ਨਵੀਆਂ ਉੱਚਾਈਆਂ ਨੂੰ ਛੂਹੇਗਾ ਅਤੇ ਸਫ਼ਲਤਾਵਾਂ ਪ੍ਰਾਪਤ ਕਰੇਗਾ। ਦਰਅਸਲ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਰੱਖੜੀ ਨਾ ਭੇਜ ਸਕਣ ਦਾ ਦਰਦ ਬਿਆਨ ਕਰਦੇ ਹੋਏ ਲਤਾ ਮੰਗੇਸ਼ਕਰ ਨੇ ਪ੍ਰਧਾਨ ਮੰਤਰੀ ਨੂੰ ਟਵੀਟ ਕਰ ਕੇ ਰੱਖੜੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਇਕ ਵੀਡੀਓ ਵੀ ਸਾਂਝੀ ਕੀਤੀ। 

 

ਪ੍ਰਧਾਨ ਮੰਤਰੀ ਨਾਲ ਆਪਣੀਆਂ ਕੁਝ ਪੁਰਾਣੀਆਂ ਤਸਵੀਰਾਂ ਨੂੰ ਵੀਡੀਓ ਦੇ ਰੂਪ 'ਚ ਪੇਸ਼ ਕਰ ਕੇ ਲਤਾ ਨੇ ਆਪਣਾ ਸੰਦੇਸ਼ ਭੇਜਿਆ। ਲਤਾ ਨੇ ਕਿਹਾ- ਨਰਿੰਦਰ ਭਾਈ, ਅੱਜ ਰੱਖੜੀ ਦੇ ਸ਼ੁੱਭ ਮੌਕੇ 'ਤੇ ਮੈਂ ਤੁਹਾਨੂੰ ਪ੍ਰਣਾਮ ਕਰਦੀ ਹਾਂ। ਰੱਖੜੀ ਤਾਂ ਮੈਂ ਤੁਹਾਨੂੰ ਭੇਜ ਨਹੀਂ ਸਕੀ ਅਤੇ ਉਸ ਦੀ ਵਜ੍ਹਾ ਸਾਰੀ ਦੁਨੀਆ ਜਾਣਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਲਤਾ ਨੇ ਕਿਹਾ ਕਿ ਤੁਸੀਂ ਦੇਸ਼ ਲਈ ਇੰਨਾ ਕੰਮ ਕੀਤਾ ਹੈ ਅਤੇ ਇੰਨੀਆਂ ਚੰਗੀਆਂ ਚੀਜ਼ਾਂ ਕੀਤੀ ਹਨ ਕਿ ਦੇਸ਼ਵਾਸੀ ਕਦੇ ਭੁੱਲ ਨਹੀਂ ਸਕਦੇ।

PunjabKesari

ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਭਾਰਤ ਦੀਆਂ ਲੱਖਾਂ-ਕਰੋੜਾਂ ਬੀਬੀਆਂ ਦੇ ਹੱਥ ਉਨ੍ਹਾਂ ਨੂੰ ਰੱਖੜੀ ਬੰਨ੍ਹਣ ਲਈ ਅੱਗੇ ਹਨ ਪਰ ਰੱਖੜੀ ਬੰਨ੍ਹਣਾ ਮੁਸ਼ਕਲ ਹੈ। ਤੁਸੀਂ ਸਮਝ ਸਕਦੇ ਹੋ। ਜੇਕਰ ਹੋ ਸਕੇ ਤਾਂ ਤੁਸੀਂ ਰੱਖੜੀ ਦੇ ਦਿਨ ਸਾਡੇ ਨਾਲ ਵਾਅਦਾ ਕਰੋ ਕਿ ਤੁਸੀਂ ਭਾਰਤ ਨੂੰ ਹੋਰ ਉੱਚਾ ਲੈ ਕੇ ਜਾਓਗੇ। ਨਮਸਕਾਰ। 

PunjabKesari
ਲਤਾ ਮੰਗੇਸ਼ਕਰ ਦੇ ਇਸ ਸੰਦੇਸ਼ ਦੇ ਜਵਾਬ 'ਚ ਪ੍ਰਧਾਨ ਮੰਤਰੀ ਮੋਦੀ ਨੇ ਵੀ ਟਵੀਟ ਕਰ ਕੇ ਕਿਹਾ ਕਿ ਦੀਦੀ ਤੁਹਾਡਾ ਭਾਵਪੂਰਨ ਸੰਦੇਸ਼, ਅਸੀਮ ਪ੍ਰੇਰਣਾ ਅਤੇ ਊਰਜਾ ਦੇਣ ਵਾਲਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰੋੜਾਂ ਮਾਂਵਾਂ-ਭੈਣਾਂ ਦੇ ਆਸ਼ੀਰਵਾਦ ਨਾਲ ਸਾਡਾ ਦੇਸ਼ ਨਿੱਤ ਨਵੀਆਂ ਉੱਚਾਈਆਂ ਨੂੰ ਛੂਹੇਗਾ, ਨਵੀਂ-ਨਵੀਂ ਸਫ਼ਲਤਾ ਪ੍ਰਾਪਤ ਕਰੇਗਾ। ਤੁਸੀਂ ਸਿਹਤਮੰਦ ਰਹੋ ਅਤੇ ਤੁਹਾਡੀ ਲੰਬੀ ਉਮਰ ਹੋਵੇ, ਪਰਮਾਤਮਾ ਤੋਂ ਮੇਰੀ ਇਹ ਹੀ ਪ੍ਰਾਰਥਨਾ ਹੈ।


Tanu

Content Editor

Related News