ਦਰਦਨਾਕ; ਸੜਕ ਹਾਦਸੇ ''ਚ ਮਾਰੇ ਗਏ 19 ਲੋਕਾਂ ਦਾ ਕੀਤਾ ਗਿਆ ਅੰਤਿਮ ਸੰਸਕਾਰ
Tuesday, May 21, 2024 - 02:40 PM (IST)
ਕਵਰਧਾ (ਵਾਰਤਾ)- ਛੱਤੀਸਗੜ੍ਹ ਦੇ ਕਵਰਧਾ 'ਚ ਸੜਕ ਹਾਦਸੇ 'ਚ 19 ਲੋਕਾਂ ਦੀ ਜਾਨ ਜਾਣ ਤੋਂ ਬਾਅਦ ਮੰਗਲਵਾਰ ਨੂੰ ਸਾਰਿਆਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ 'ਚ ਆਦਿਵਾਸੀ ਰੀਤੀ ਰਿਵਾਜ਼ਾਂ ਨਾਲ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ 16 ਔਰਤਾਂ ਅਤੇ ਇਕ ਪੁਰਸ਼ ਦਾ ਅੰਤਿਮ ਸੰਸਕਾਰ ਇਕ ਹੀ ਚਿਖਾ 'ਤੇ ਆਦਿਵਾਸੀ ਰੀਤੀ ਰਿਵਾਜ਼ਾਂ ਨਾਲ ਕੀਤਾ ਗਿਆ। ਉੱਥੇ ਹੀ 2 ਔਰਤਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਸਹੁਰੇ ਪਰਿਵਾਰ 'ਚ ਹੋਇਆ। ਸੇਮਹਾਰਾ ਪਿੰਡ 'ਚ 17 ਲੋਕਾਂ ਦਾ ਸਮੂਹਿਕ ਅੰਤਿਮ ਸੰਸਕਾਰ ਕੀਤਾ ਗਿਆ। ਇਕੱਠੇ 19 ਚਿਖਾਵਾਂ ਸੜਨ ਦੌਰਾਨ ਉੱਥੇ ਮੌਜੂਦ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ ਸਨ।
ਕਬੀਰਧਾਮ ਦੇ ਕੁਕਦੂਰ ਦੇ ਬਾਹਪਾਲੀ ਪਿੰਡ 'ਚ ਹੋਏ ਹਾਦਸੇ 'ਚ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਮੁੱਖ ਮੰਤਰੀ ਵਿਸ਼ਨੂੰਦੇਵ ਸਾਏ ਨੇ ਫ਼ੋਨ 'ਤੇ ਗੱਲ ਕਰ ਕੇ ਆਪਣੀ ਹਮਦਰਦੀ ਜ਼ਾਹਰ ਕੀਤੀ ਅਤੇ ਦੁਖ਼ ਦੀ ਇਸ ਘੜੀ 'ਚ ਸਰਕਾਰ ਦੇ ਉਨ੍ਹਾਂ ਨਾਲ ਖੜ੍ਹੇ ਰਹਿਣ ਦੀ ਗੱਲ ਕਹੀ, ਨਾਲ ਹੀ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ। ਅੰਤਿਮ ਸੰਸਕਾਰ ਦੌਰਾਨ ਸੂਬਾ ਸਰਕਾਰ ਦੇ ਪ੍ਰਤੀਨਿਧੀ ਵਜੋਂ ਖ਼ੁਦ ਉੱਪ ਮੁੱਖ ਮੰਤਰੀ ਵਿਜੇ ਸ਼ਰਮਾ ਅਤੇ ਸਥਾਨਕ ਵਿਧਾਇਕ ਭਾਵਨਾ ਬੋਹਰਾ ਮੌਜੂਦ ਸਨ। ਦੱਸਣਯੋਗ ਹੈ ਕਿ ਸੇਮਹਰਾ ਪਿੰਡ ਦੇ 36 ਪਿੰਡ ਵਾਸੀ ਤੇਂਦੂਪੱਤਾ ਤੋੜਨ ਲਈ ਰੂਖਮੀਦਾਦਰ ਜੰਗਲ ਗਏ ਸਨ। ਤੇਂਦੂਪੱਤਾ ਤੋੜਨ ਤੋਂ ਬਾਅਦ ਆਉਂਦੇ ਸਮੇਂ ਬਹਾਪਾਨੀ ਪਿੰਡ ਕੋਲ ਘਾਟ 'ਚ ਇਹ ਹਾਦਸਾ ਵਾਪਰਿਆ। ਪਿੰਡ ਵਾਸੀਆਂ ਨਾਲ ਭਰੀ ਪਿਕਅੱਪ ਖੱਡ 'ਚ ਡਿੱਗ ਗਈ। ਪਿਕਅੱਪ ਦੇ ਹੇਠਾਂ ਦੱਬਣ ਨਾਲ 13 ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਕਿ 8 ਗੰਭੀਰ ਔਰਤਾਂ ਨੂੰ ਕੁਕਦੂਰ ਸਿਹਤ ਕੇਂਦਰ 'ਚ ਦਾਖ਼ਲ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ 5 ਔਰਤਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਰੂਪ ਨਾਲ ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕੀਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8