ਜੰਮੂ ਕਸ਼ਮੀਰ : ਨਸ਼ੀਲੇ ਪਦਾਰਥ ਦੀ ਵੱਡੀ ਖੇਪ ਬਰਾਮਦ, 3 ਲੋਕ ਗ੍ਰਿਫ਼ਤਾਰ
Tuesday, Jun 13, 2023 - 12:42 PM (IST)
ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਪੁੰਛ ਅਤੇ ਰਾਜੌਰੀ ਜ਼ਿਲ੍ਹਿਆਂ 'ਚ 2 ਵੱਖ-ਵੱਖ ਮੁਹਿੰਮਾਂ 'ਚ 2 ਕਿਲੋਗ੍ਰਾਮ ਹੈਰੋਇਨ ਸਮੇਤ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਹਿੰਮਾਂ 'ਚ ਨਸ਼ੀਲੇ ਪਦਾਰਥ ਦੇ ਤਿੰਨ ਤਸਕਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਰਾਜੌਰੀ ਦੇ ਸੀਨੀਅਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਦਲ ਨੇ ਸੋਮਵਾਰ ਨੂੰ ਦਾਰਹਾਲੀ ਪੁਲ 'ਤੇ ਇਕ ਨਿੱਜੀ ਵਾਹਨ ਰੋਕਿਆ ਅਤੇ ਕਸ਼ਮੀਰ ਤੋਂ ਸਰਹੱਦੀ ਸ਼ਹਿਰ 'ਚ ਤਸਕਰੀ ਕਰ ਕੇ ਲਿਆਈ ਜਾ ਰਹੀ 3.8 ਕਿਲੋਗ੍ਰਾਮ ਚਰਸ ਬਰਾਮਦ ਕਤੀ। ਵਾਹਨ 'ਚ ਸਵਾਰ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਉੱਥੇ ਹੀ ਪੁੰਛ ਦੇ ਸੀਨੀਅਰ ਪੁਲਸ ਸੁਪਰਡੈਂਟ ਵਿਨੇ ਸ਼ਰਮਾ ਨੇ ਦੱਸਿਆ ਕਿ ਸੋਮਵਾਰ ਨੂੰ ਸਰਹੱਦੀ ਜ਼ਿਲ੍ਹੇ ਦੇ ਬਗਯਾਲਦਾਰਾ ਪਿੰਡ ਕੋਲ ਜੰਗਲਾਤ ਖੇਤਰ ਤੋਂ 2 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਅਧਿਕਾਰੀ ਨੇ ਦੱਸਿਆ ਕਿ ਸ਼ੱਕੀ ਅੱਤਵਾਦੀ ਮੁਹੰਮਦ ਰਾਸ਼ਿਦ ਦੇ ਖ਼ੁਲਾਸੇ 'ਤੇ ਹੈਰੋਇਨ ਬਰਾਮਦ ਕੀਤੀ ਗਈ। ਰਾਸ਼ਿਦ ਨੂੰ ਹਾਲ ਹੀ 'ਚ ਗੈਰ-ਕਾਨੂੰਨੀ ਗਤੀਵਿਧੀ (ਰੋਕਥਾਮ) ਐਕਟ ਅਤੇ ਵਿਸਫ਼ੋਟਕ ਪਦਾਰਥ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਸੀ। ਸ਼ਰਮਾ ਨੇ ਦੱਸਿਆ ਕਿ ਹੈਰੋਇਨ ਦੀ ਬਰਾਮਦਗੀ ਤੋਂ ਬਾਅਦ, ਨਸ਼ੀਲੇ ਪਦਾਰਥਾਂ ਅਤੇ ਮਨੋਵਿਗਿਆਨਕ ਪਦਾਰਥ ਐਕਟ ਦੀਆਂ ਵੱਖ-ਵੱਖ ਧਾਰਾਵਾਂ ਨੂੰ ਮਾਮਲੇ 'ਚ ਜੋੜਿਆ ਗਿਆ ਅਤੇ ਜਾਂਚ ਜਾਰੀ ਹੈ। ਪੁਲਸ ਨੇ ਮਾਮਲੇ 'ਚ ਗ੍ਰਿਫ਼ਤਾਰ ਇਕ ਹੋਰ ਦੋਸ਼ੀ ਮੁਹੰਮਦ ਸਫੀਰ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਐਤਵਾਰ ਨੂੰ ਅੱਲਾਪੀਰ ਪਿੰਡ ਸਥਿਤ ਉਸ ਦੇ ਘਰੋਂ 7 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਸੀ। ਐੱਸ.ਐੱਸ.ਪੀ. ਨੇ ਕਿਹਾ,''ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਨਕਦੀ ਅੱਤਵਾਦੀ ਕੰਮਾਂ ਨਾਲ ਇਕੱਠੀ ਕੀਤੀ ਗਈ ਹੈ।''