ਮੋਹਲੇਧਾਰ ਮੀਂਹ ਕਾਰਨ ਖਿਸਕੀ ਜ਼ਮੀਨ, ਟੁੱਟ ਗਿਆ ਪੁੱਲ

Friday, Sep 27, 2024 - 12:21 PM (IST)

ਗੰਗਟੋਕ- ਸਿੱਕਮ 'ਚ ਪਿਛਲੇ 3 ਦਿਨਾਂ ਤੋਂ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਕਈ ਇਲਾਕਿਆਂ ਵਿਚ ਜ਼ਮੀਨ ਖਿਸਕ ਗਈ ਹੈ ਅਤੇ ਸੂਬੇ ਦੇ ਉੱਤਰੀ ਹਿੱਸੇ ਦਾ ਗੇਟਵੇਅ ਮੰਨੇ ਜਾਣ ਵਾਲੇ ਪੁਰਾਣੇ 'ਰੰਗ-ਰੰਗ' ਪੁਲ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਪੁਲ ਟੁੱਟਣ ਕਾਰਨ ਮਾਂਗਨ ਜ਼ਿਲ੍ਹਾ ਹੈੱਡਕੁਆਰਟਰ ਦਾ ਬਾਕੀ ਸੂਬੇ ਨਾਲੋਂ ਸੰਪਰਕ ਕੱਟ ਗਿਆ ਹੈ। ਪਿਛਲੇ ਸਾਲ ਸਾਂਕਲਾਂਗ ਪੁਲ ਦੇ ਨੁਕਸਾਨੇ ਜਾਣ ਕਾਰਨ ਜ਼ੋਂਗੂ ਰਾਹੀਂ ਜਾਣ ਵਾਲਾ ਬਦਲਵਾਂ ਰਸਤਾ ਵੀ ਬੰਦ ਕਰ ਦਿੱਤਾ ਗਿਆ ਸੀ।

ਜ਼ਿਲ੍ਹਾ ਪ੍ਰਸ਼ਾਸਨ ਜਲਦੀ ਤੋਂ ਜਲਦੀ ਸੜਕੀ ਸੰਪਰਕ ਬਹਾਲ ਕਰਨ ਲਈ ਕੰਮ ਕਰ ਰਿਹਾ ਹੈ ਅਤੇ ਮੀਂਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈ ਰਿਹਾ ਹੈ। ਇਸ ਦੌਰਾਨ ਭਾਰਤੀ ਮੌਸਮ ਵਿਭਾਗ (IMD) ਨੇ ਸਿੱਕਮ 'ਚ ਅਗਲੇ ਦੋ ਦਿਨਾਂ ਲਈ 'ਰੈੱਡ ਅਲਰਟ' ਜਾਰੀ ਕੀਤਾ ਹੈ, ਜਿਸ 'ਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਸੋਰੇਂਗ ਜ਼ਿਲ੍ਹੇ ਦੇ ਦਰਮਾਦੀਨ ਹਲਕੇ ਦੇ ਕਈ ਪਿੰਡਾਂ 'ਚ ਜ਼ਮੀਨ ਖਿਸਕਣ ਕਾਰਨ ਮਕਾਨਾਂ ਅਤੇ ਪਸ਼ੂਆਂ ਨੂੰ ਨੁਕਸਾਨ ਪੁੱਜਾ ਹੈ।

ਜ਼ਿਲ੍ਹਾ ਪ੍ਰਸ਼ਾਸਨ ਨੁਕਸਾਨ ਦਾ ਜਾਇਜ਼ਾ ਲੈ ਰਿਹਾ ਹੈ ਅਤੇ ਰਾਹਤ ਕਾਰਜ ਜਾਰੀ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਈ ਥਾਵਾਂ 'ਤੇ ਢਿੱਗਾਂ ਡਿੱਗਣ ਕਾਰਨ ਨੈਸ਼ਨਲ ਹਾਈਵੇਅ 10 ​​'ਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਸੈਲਾਨੀਆਂ ਨੂੰ ਲਾਵਾ ਅਤੇ ਕਲਿਮਪੋਂਗ ਰਾਹੀਂ ਬਦਲਵੇਂ ਰਸਤੇ ਅਪਣਾਉਣ ਦੀ ਸਲਾਹ ਦਿੱਤੀ ਗਈ ਹੈ।


Tanu

Content Editor

Related News