ਬਾਰਾਮੂਲਾ ''ਚ ਕੁਦਰਤ ਦਾ ਕਹਿਰ! ਜ਼ਮੀਨ ਖਿਸਕਣ ਕਾਰਨ ਕਈ ਘਰਾਂ ਨੂੰ ਨੁਕਸਾਨ, ਲੋਕਾਂ ''ਚ ਦਹਿਸ਼ਤ ਦਾ ਮਾਹੌਲ
Tuesday, Mar 31, 2026 - 05:06 PM (IST)
ਬਾਰਾਮੂਲਾ- ਬਾਰਾਮੂਲਾ ਦੇ ਪੁਰਾਣੇ ਸ਼ਹਿਰ ਸਥਿਤ ਸ਼ਾਹ ਹਮਦਾਨ ਕਾਲੋਨੀ ਵਿੱਚ ਮੰਗਲਵਾਲ ਤੜਕੇ ਕਰੀਬ 4 ਵਜੇ ਜ਼ਮੀਨ ਖਿਸਕਣ ਦੀ ਇੱਕ ਭਿਆਨਕ ਘਟਨਾ ਸਾਹਮਣੇ ਆਈ ਹੈ। ਇਸ ਹਾਦਸੇ ਕਾਰਨ ਕਈ ਰਿਹਾਇਸ਼ੀ ਮਕਾਨਾਂ ਨੂੰ ਅੰਸ਼ਿਕ ਰੂਪ ਵਿੱਚ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਪੂਰੇ ਇਲਾਕੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਇਹ ਰਾਹਤ ਦੀ ਗੱਲ ਰਹੀ ਕਿ ਇਸ ਘਟਨਾ ਵਿੱਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਸਥਾਨਕ ਨਿਵਾਸੀਆਂ ਅਨੁਸਾਰ, ਸਾਵਧਾਨੀ ਦੇ ਤੌਰ 'ਤੇ ਤੁਰੰਤ ਕਾਰਵਾਈ ਕਰਦਿਆਂ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚੋਂ ਕੱਢ ਕੇ ਨੇੜਲੀਆਂ ਸੁਰੱਖਿਅਤ ਥਾਵਾਂ 'ਤੇ ਭੇਜ ਦਿੱਤਾ ਗਿਆ ਹੈ।
ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਸ ਖੇਤਰ ਵਿੱਚ ਬਚਾਅ ਲਈ ਇੱਕ ਸੁਰੱਖਿਆ ਬੰਨ੍ਹ ਸਾਲ 1976 ਵਿੱਚ ਤਿਆਰ ਕੀਤਾ ਗਿਆ ਸੀ, ਪਰ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਦੀ ਕੋਈ ਮੁਰੰਮਤ ਜਾਂ ਰੱਖ-ਰਖਾਅ ਨਹੀਂ ਕੀਤੀ ਗਈ। ਲੋਕਾਂ ਦਾ ਦੋਸ਼ ਹੈ ਕਿ ਬੰਨ੍ਹ ਦੀ ਇਸੇ ਜਰਜਰ ਹਾਲਤ ਕਾਰਨ ਹੀ ਅੱਜ ਇਹ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਰ ਐਂਡ ਬੀ (R&B) ਵਿਭਾਗ ਤੋਂ ਮੰਗ ਕੀਤੀ ਹੈ ਕਿ ਬੰਨ੍ਹ ਦੀ ਮੁਰੰਮਤ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।
ਜ਼ਮੀਨ ਖਿਸਕਣ ਤੋਂ ਬਾਅਦ ਪੈਦਾ ਹੋਈ ਖ਼ਤਰਨਾਕ ਸਥਿਤੀ ਨੂੰ ਦੇਖਦਿਆਂ, ਸਥਾਨਕ ਲੋਕਾਂ ਨੇ ਬਾਰਾਮੂਲਾ ਤੋਂ ਹਾਜੀਬਲ ਨੂੰ ਜੋੜਨ ਵਾਲੀ ਲਗਭਗ 15 ਕਿਲੋਮੀਟਰ ਲੰਬੀ ਸੜਕ ਨੂੰ ਸਾਵਧਾਨੀ ਵਜੋਂ ਬੰਦ ਕਰ ਦਿੱਤਾ ਹੈ। ਇਸ ਸੜਕ 'ਤੇ ਭਾਰੀ ਆਵਾਜਾਈ ਰਹਿੰਦੀ ਹੈ, ਜਿਸ ਕਾਰਨ ਹੁਣ ਆਮ ਯਾਤਰੀਆਂ, ਮਰੀਜ਼ਾਂ ਅਤੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਵਾਸੀਆਂ ਨੇ ਪ੍ਰਸ਼ਾਸਨ ਨੂੰ ਪ੍ਰਭਾਵਿਤ ਖੇਤਰ ਵਿੱਚ ਰਾਹਤ ਕਾਰਜ ਤੇਜ਼ ਕਰਨ ਅਤੇ ਸਥਿਤੀ ਨੂੰ ਜਲਦੀ ਆਮ ਬਣਾਉਣ ਦੀ ਅਪੀਲ ਕੀਤੀ ਹੈ।
