ਅਮਰਨਾਥ ਯਾਤਰਾ ਮਗਰੋਂ ਵੈਸ਼ਨੋ ਦੇਵੀ ਯਾਤਰਾ ਵੀ ਮੁਲਤਵੀ ! ਭਾਰੀ ਬਾਰਿਸ਼ ਕਾਰਨ ਪ੍ਰਸ਼ਾਸਨ ਨੇ ਲਿਆ ਫ਼ੈਸਲਾ
Sunday, Jul 19, 2026 - 03:13 PM (IST)
ਸ਼੍ਰੀਨਗਰ- ਭਾਰਤ ਮੌਸਮ ਵਿਗਿਆਨ ਵਿਭਾਗ (IMD) ਵਲੋਂ ਜੰਮੂ ਕਸ਼ਮੀਰ 'ਚ ਅਗਲੇ ਕੁਝ ਦਿਨਾਂ ਤੱਕ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੇ ਜਾਣ ਮਗਰੋਂ ਪ੍ਰਸ਼ਾਸਨ ਨੇ ਐਤਵਾਰ ਨੂੰ ਅਮਰਨਾਥ ਯਾਤਰਾ ਦੇ ਨਾਲ-ਨਾਲ ਵੈਸ਼ਨੋ ਦੇਵੀ ਅਤੇ ਸ਼੍ਰੀ ਸ਼ਿਵ ਖੋੜੀ ਦੀਆਂ ਯਾਤਰਾਵਾਂ ਵੀ ਚੌਕਸੀ ਵਜੋਂ ਅਸਥਾਈ ਤੌਰ 'ਤੇ ਰੋਕ ਦਿੱਤੀਆਂ ਹਨ।
19 ਜੁਲਾਈ 2026 ਤੋਂ ਪਹਿਲਗਾਮ ਅਤੇ ਬਾਲਟਾਲ ਮਾਰਗ ਸਮੇਤ ਸਾਰੇ ਬੇਸ ਕੈਂਪਾਂ ਤੋਂ ਸ਼੍ਰੀ ਅਮਰਨਾਥ ਜੀ ਯਾਤਰਾ ਨੂੰ ਚੌਕਸੀ ਵਜੋਂ ਰੋਕ ਦਿੱਤਾ ਗਿਆ ਹੈ। ਮਾਰਗ ਦੀ ਸੁਰੱਖਿਆ ਯਕੀਨੀ ਕਰਨ ਅਤੇ ਮੌਸਮ ਦੀ ਸਥਿਤੀ ਦਾ ਵਿਆਪਕ ਮੁਲਾਂਕਣ ਕਰਨ ਤੋਂ ਬਾਅਦ ਯਾਤਰਾ ਮੁੜ ਸ਼ੁਰੂ ਕਰਨ ਸੰਬੰਧੀ ਜਾਣਕਾਰੀ ਉੱਚਿਤ ਸਮੇਂ 'ਤੇ ਕੀਤੀ ਜਾਵੇਗੀ। ਜੰਮੂ-ਕਸ਼ਮੀਰ 'ਚ ਐਤਵਾਰ ਸਵੇਰੇ ਮੀਂਹ ਸ਼ੁਰੂ ਹੋਇਆ, ਕਸ਼ਮੀਰ ਦੇ ਜੰਗਲਾਂ 'ਚ ਕਈ ਥਾਵਾਂ 'ਤੇ ਬੱਦਲ ਫਟਣ ਦੀਆਂ ਘਟਨਾਵਾਂ ਵੀ ਹੋਈਆਂ।
ਮੌਸਮ ਵਿਭਾਗ ਨੇ 19 ਤੋਂ 23 ਜੁਲਾਈ ਵਿਚਾਲੇ ਜੰਮੂ ਕਸ਼ਮੀਰ 'ਚ ਮੱਧਮ ਤੋਂ ਭਾਰੀ ਬਾਰਿਸ਼ ਹੋਣ ਦੀ ਭਵਿੱਖਬਾਣੀ ਜਾਰੀ ਕੀਤੀ ਹੈ। 3 ਜੁਲਾਈ ਤੋਂ ਸ਼ੁਰੂ ਹੋਈ ਅਮਰਨਾਥ ਯਾਤਰਾ ਦੌਰਾਨ ਹੁਣ ਤੱਕ 3.76 ਲੱਖ ਤੋਂ ਵੱਧ ਸ਼ਰਧਾਲੂ ਪਵਿੱਤਰ ਗੁਫ਼ਾ 'ਚ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੌਸਮ ਸੰਬੰਧੀ ਚਿਤਾਵਨੀ ਦੇ ਮੱਦੇਨਜ਼ਰ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਸਥਿਤ ਮਾਤਾ ਵੈਸ਼ਨੋ ਦੇਵੀ ਅਤੇ ਸ਼੍ਰੀ ਸ਼ਿਵ ਖੋੜੀ ਮੰਦਰਾਂ ਦੀਆਂ ਯਾਤਰਾਵਾਂ ਵੀ ਅਸਥਾਈ ਤੌਰ 'ਤੇ ਰੋਕ ਦਿੱਤੀਆਂ ਗਈਆਂ ਹਨ।
ਇਕ ਅਧਿਕਾਰੀ ਨੇ ਕਿਹਾ,''ਆਈਐੱਮਡੀ ਵਲੋਂ ਜਾਰੀ ਖ਼ਰਾਬ ਮੌਸਮ ਦੀ ਚਿਤਾਵਨੀ ਨੂੰ ਦੇਖਦੇ ਹੋਏ ਮਾਤਾ ਵੈਸ਼ਨੋ ਦੇਵੀ ਯਾਤਰਾ ਨੂੰ ਵੀ ਅਸਥਾਈ ਰੂਪ ਨਾਲ ਰੋਕ ਦਿੱਤਾ ਗਿਆ ਹੈ।'' ਸ਼੍ਰੀ ਸ਼ਿਵ ਖੋੜੀ ਤੀਰਥ ਬੋਰਡ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਸ਼ਰਧਾਲੂਆਂ ਨੂੰ ਅਗਲੇ ਨੋਟਿਸ ਤੱਕ ਆਪਣੀ ਯਾਤਰਾ ਮੁਅੱਤਲ ਕਰਨ ਦੀ ਸਲਾਹ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਸ਼ਰਧਾਲੂਆਂ ਨੂੰ ਧਾਰਮਿਕ ਸਥਾਨ ਦੀ ਯਾਤਰਾ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਨਵੀਨਤਮ ਅਧਿਕਾਰਤ ਜਾਣਕਾਰੀ ਲੈਣ ਦੀ ਅਪੀਲ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
