ਜੰਮੂ-ਕਸ਼ਮੀਰ ''ਚ ਕੁਦਰਤ ਦਾ ਕਹਿਰ ! ਭਾਰੀ ਬਰਫ਼ਬਾਰੀ ਮਗਰੋਂ ਲੈਂਡਸਲਾਈਡ, ਦਰਜਨਾਂ ਬੇਜ਼ੁਬਾਨਾਂ ਦੀ ਮੌਤ
Wednesday, Jan 28, 2026 - 05:29 PM (IST)
ਨੈਸ਼ਨਲ ਡੈਸਕ- ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬੁੱਧਵਾਰ ਨੂੰ ਭਿਆਨਕ ਲੈਂਡਸਲਾਈਡ ਕਾਰਨ ਭੇਡਾਂ ਅਤੇ ਬੱਕਰੀਆਂ ਸਮੇਤ ਦਰਜਨਾਂ ਪਾਲਤੂ ਜਾਨਵਰਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਲਾਕੇ ਵਿੱਚ ਖਰਾਬ ਮੌਸਮ ਕਾਰਨ ਪਹਾੜੀ ਦਾ ਹਿੱਸਾ ਹੇਠਾਂ ਆ ਡਿੱਗਿਆ।
ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ, ਇਹ ਹਾਦਸਾ ਹਸਤੀ ਪੁਲ ਦੇ ਨੇੜੇ ਵਾਪਰਿਆ। ਉਸ ਸਮੇਂ ਚਰਵਾਹਿਆਂ ਦਾ ਇੱਕ ਸਮੂਹ ਆਪਣੇ ਪਸ਼ੂਆਂ ਦੇ ਵੱਗ ਨਾਲ ਇਸ ਖੇਤਰ ਵਿੱਚੋਂ ਗੁਜ਼ਰ ਰਿਹਾ ਸੀ। ਭੂ-ਖਿਸਕਣ ਇੰਨਾ ਅਚਾਨਕ ਸੀ ਕਿ ਕਈ ਜਾਨਵਰ ਮਲਬੇ ਹੇਠ ਦਬ ਗਏ, ਜਦਕਿ ਉਨ੍ਹਾਂ ਦੇ ਨਾਲ ਜਾ ਰਹੇ ਚਰਵਾਹੇ ਵਾਲ-ਵਾਲ ਬਚ ਗਏ।
ਜ਼ਿਕਰਯੋਗ ਹੈ ਕਿ ਪਿਛਲੇ ਦੋ ਦਿਨਾਂ ਤੋਂ ਜੰਮੂ-ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਖਰਾਬ ਚੱਲ ਰਿਹਾ ਹੈ। ਉਚਾਈ ਵਾਲੇ ਇਲਾਕਿਆਂ ਵਿੱਚ ਤਾਜ਼ਾ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਧ ਗਈਆਂ ਹਨ, ਜਿਸ ਕਾਰਨ ਇਹ ਮੰਦਭਾਗਾ ਹਾਦਸਾ ਵਾਪਰਿਆ।
ਪ੍ਰਸ਼ਾਸਨ ਵੱਲੋਂ ਮੌਕੇ 'ਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਾਰੇ ਗਏ ਪਸ਼ੂਆਂ ਦੀ ਸਹੀ ਸੰਖਿਆ ਬਚਾਅ ਕਾਰਜ ਮੁਕੰਮਲ ਹੋਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗੀ।
