ਲਖੀਮਪੁਰ ਖੀਰੀ: ਤਿਕੁਨੀਆ ਕਾਂਡ ਦੇ ਗਵਾਹ ਪ੍ਰਭਜੋਤ ਸਿੰਘ ਦੇ ਭਰਾ ’ਤੇ ਜਾਨਲੇਵਾ ਹਮਲਾ

Sunday, Dec 11, 2022 - 05:46 PM (IST)

ਲਖੀਮਪੁਰ ਖੀਰੀ: ਤਿਕੁਨੀਆ ਕਾਂਡ ਦੇ ਗਵਾਹ ਪ੍ਰਭਜੋਤ ਸਿੰਘ ਦੇ ਭਰਾ ’ਤੇ ਜਾਨਲੇਵਾ ਹਮਲਾ

ਲਖੀਮਪੁਰ ਖੀਰੀ- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨੀਆ ਕਾਂਡ ਮਾਮਲੇ ’ਚ ਗਵਾਹ ਪ੍ਰਭਜੀਤ ਸਿੰਘ ਦੇ ਭਰਾ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ। ਇਸ ਸਬੰਧ ’ਚ ਪੁਲਸ ਨੇ ਕਤਲ ਦੀ ਕੋਸ਼ਿਸ਼ ਦੇ ਦੋਸ਼ ’ਚ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਤਿਕੁਨੀਆ ਥਾਣੇ ’ਚ ਸ਼ਨੀਵਾਰ ਨੂੰ ਦਰਜ ਮਾਮਲੇ ’ਚ ਸਰਵਜੀਤ ਸਿੰਘ ਨਾਮੀ ਵਿਅਕਤੀ ਨੇ ਇਲਜ਼ਾਮ ਲਾਇਆ ਕਿ ਵਿਕਾਸ ਚਾਵਲਾ ਨਾਮੀ ਵਿਅਕਤੀ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ’ਚ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ।

ਇਲਜ਼ਾਮ ਮੁਤਾਬਕ ਹਮਲਾ ਸ਼ੁੱਕਰਵਾਰ ਰਾਤ ਤਿਕੁਨੀਆ ਕਸਬੇ ’ਚ ਉਦੋਂ ਕੀਤਾ ਗਿਆ, ਜਦੋਂ ਉਹ ਆਪਣੇ ਦੋਸਤ ਅਨੁਜ ਗੁਪਤਾ ਦੇ ਇਕ ਸਮਾਗਮ ’ਚ ਸ਼ਾਮਲ ਹੋਣ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਪੁਲਸ ਨੇ ਇਸ ਮਾਮਲੇ ’ਚ ਕਤਲ ਦੀ ਕੋਸ਼ਿਸ਼ ਦੇ ਦੋਸ਼ ’ਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਓਧਰ ਲਖੀਮਪੁਰ ਖੀਰੀ ਦੇ ਐੱਸ.ਪੀ. ਸੰਜੀਵ ਸੁਮਨ ਨੇ ਐਤਵਾਰ ਨੂੰ ਦੱਸਿਆ ਕਿ ਤਿਕੁਨੀਆ ਮਾਮਲੇ ਦੇ ਗਵਾਹ ਪ੍ਰਭਜੀਤ ਦੇ ਭਰਾ ਸਰਵਜੀਤ 'ਤੇ ਇਕ ਮੁੰਡਨ ਸਮਾਰੋਹ ਦੌਰਾਨ ਹੋਏ ਝਗੜੇ ਨੂੰ ਲੈ ਕੇ ਹਮਲਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੁਮਨ ਨੇ ਦੱਸਿਆ ਕਿ ਇਸ ਘਟਨਾ ਦਾ ਪਿਛਲੇ ਸਾਲ 3 ਅਕਤੂਬਰ ਨੂੰ ਵਾਪਰੇ ਤਿਕੁਨੀਆ ਕੇਸ ਨਾਲ ਕੋਈ ਸਬੰਧ ਨਹੀਂ ਹੈ। ਜ਼ਿਕਰਯੋਗ ਹੈ ਕਿ 3 ਅਕਤੂਬਰ 2021 ਨੂੰ ਤਿਕੁਨੀਆ ਪਿੰਡ 'ਚ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ 'ਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ।


author

Tanu

Content Editor

Related News