ਰਾਜਨਾਥ ਦੀ ਚੀਨ ਨੂੰ ਦੋ ਟੁੱਕ- 'ਭਾਰਤ ਕੌਮੀ ਪ੍ਰਭੂਸੱਤਾ ਦੀ ਰਾਖੀ ਲਈ ਪੂਰੀ ਤਰ੍ਹਾਂ ਸਮਰੱਥ'

Saturday, Sep 05, 2020 - 04:34 PM (IST)

ਰਾਜਨਾਥ ਦੀ ਚੀਨ ਨੂੰ ਦੋ ਟੁੱਕ- 'ਭਾਰਤ ਕੌਮੀ ਪ੍ਰਭੂਸੱਤਾ ਦੀ ਰਾਖੀ ਲਈ ਪੂਰੀ ਤਰ੍ਹਾਂ ਸਮਰੱਥ'

ਨਵੀਂ ਦਿੱਲੀ— ਭਾਰਤ ਨੇ ਚੀਨ ਨੂੰ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਉਸ ਨੂੰ ਪੂਰਬੀ ਲੱਦਾਖ ਖੇਤਰ ਵਿਚ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) 'ਤੇ ਆਪਣੇ ਫ਼ੌਜੀਆਂ ਨੂੰ ਪਿਛੇ ਹਟਾਉਣਾ ਚਾਹੀਦਾ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਉਹ ਸਥਿਤੀ ਨੂੰ ਆਮ ਬਣਾਉਣ ਲਈ ਗੱਲਬਾਤ ਦੇ ਪੱਖ ਵਿਚ ਹਨ ਪਰ ਕਿਸੇ ਨੂੰ ਇਸ ਗੱਲ 'ਤੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਹੈ ਕਿ ਭਾਰਤੀ ਫ਼ੌਜ ਦੇਸ਼ ਦੀ ਕੌਮੀ ਪ੍ਰਭੂਸੱਤਾ ਦੀ ਰੱਖਿਆ ਕਰਨ ਵਿਚ ਪੂਰੀ ਤਰ੍ਹਾਂ ਸਮਰੱਥ ਹੈ। ਪੂਰਬੀ ਲੱਦਾਖ ਵਿਚ ਪਿਛਲੇ ਕਰੀਬ 4 ਮਹੀਨਿਆਂ ਤੋਂ ਸਰਹੱਦ 'ਤੇ ਚੱਲ ਰਹੀ ਖਿਚੋਂਤਾਣ ਦਰਮਿਆਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਰੂਸ ਦੀ ਰਾਜਧਾਨੀ ਮਾਸਕੋ ਵਿਚ ਚੀਨੀ ਰੱਖਿਆ ਮੰਤਰੀ ਜਨਰਲ ਵੇਈ ਫੇਂਗਹੀ ਨਾਲ ਕਰੀਬ ਸਵਾ ਦੋ ਘੰਟੇ ਤੋਂ ਵੀ ਵੱਧ ਸਮੇਂ ਤੱਕ ਸਰਹੱਦ 'ਤੇ ਤਣਾਅ ਨੂੰ ਲੈ ਕੇ ਸੰਬੰਧਤ ਉਪਾਵਾਂ ਅਤੇ ਹੋਰ ਮੁੱਦਿਆਂ 'ਤੇ ਵਿਸਥਾਰ ਨਾਲ ਗੱਲਬਾਤ ਕੀਤੀ।

PunjabKesari

ਦੋਹਾਂ ਦੇਸ਼ਾਂ ਦੇ ਰੱਖਿਆ ਮੰਤਰੀ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੇ ਮੈਂਬਰ ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਬੈਠਕ ਵਿਚ ਹਿੱਸਾ ਲੈਣ ਮਾਸਕੋ ਗਏ ਹਨ। ਸਰਹੱਦ 'ਤੇ ਚੱਲ ਰਹੇ ਤਣਾਅ ਦੌਰਾਨ ਸਿਆਸੀ ਪੱਧਰ 'ਤੇ ਦੋਹਾਂ ਪੱਖਾਂ ਵਿਚਾਲੇ ਇਹ ਪਹਿਲੀ ਮੁਲਾਕਾਤ ਸੀ। ਚੀਨੀ ਰੱਖਿਆ ਮੰਤਰੀ ਦੀ ਬੇਨਤੀ 'ਤੇ ਹੋਈ ਇਹ ਬੈਠਕ ਭਾਰਤੀ ਸਮੇਂ ਮੁਤਾਬਕ ਰਾਤ ਸਾਢੇ 9 ਵਜੇ ਸ਼ੁਰੂ ਹੋਈ ਅਤੇ 2 ਘੰਟੇ 20 ਮਿੰਟ ਚੱਲੀ। 

ਇਹ ਵੀ ਪੜ੍ਹੋ: ਚੀਨੀ ਰੱਖਿਆ ਮੰਤਰੀ ਨਾਲ ਬੈਠਕ ਤੋਂ ਬਾਅਦ ਰਾਜਨਾਥ ਬੋਲੇ- ਗੱਲਬਾਤ ਹੀ ਵਿਵਾਦ ਦਾ ਆਖ਼ਰੀ ਹੱਲ

ਗੱਲਬਾਤ ਦੌਰਾਨ ਰਾਜਨਾਥ ਸਿੰਘ ਨੇ ਅਸਲ ਕੰਟਰੋਲ ਰੇਖਾ 'ਤੇ ਹੋਏ ਘਟਨਾਕ੍ਰਮ ਅਤੇ ਗਲਵਾਨ ਘਾਟੀ ਦੀ ਝੜਪ ਬਾਰੇ ਚੀਨ ਦੇ ਸਾਹਮਣੇ ਭਾਰਤ ਦਾ ਰੁਖ਼ ਸਪੱਸ਼ਟ ਕਰਦੇ ਹੋਏ ਕਿਹਾ ਕਿ ਚੀਨੀ ਫ਼ੌਜੀਆਂ ਦੀ ਭੀੜ, ਉਨ੍ਹਾਂ ਦਾ ਹਮਲਾਵਰ ਵਤੀਰਾ ਅਤੇ ਸਥਿਤੀ ਬਦਲਣ ਦੀ ਕੋਸ਼ਿਸ਼ ਦੋਹਾਂ ਦੇਸ਼ਾਂ ਵਿਚਾਲੇ ਦੋ-ਪੱਖੀ ਸਮਝੌਤਿਆਂ ਦਾ ਉਲੰਘਣ ਹੈ। ਚੀਨੀ ਫ਼ੌਜੀਆਂ ਦੀਆਂ ਗਤੀਵਿਧੀਆਂ ਦੋਹਾਂ ਦੇਸ਼ਾਂ ਦੇ ਵਿਸ਼ੇਸ਼ ਨੁਮਾਇੰਦਿਆਂ ਦੀ ਬੈਠਕ ਵਿਚ ਹੋਈ ਸਹਿਮਤੀ ਮੁਤਾਬਕ ਵੀ ਨਹੀਂ ਹੈ। ਉਨ੍ਹਾਂ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਭਾਰਤੀ ਫ਼ੌਜੀਆਂ ਦਾ ਸਰਹੱਦੀ ਪ੍ਰਬੰਧਨ ਬਾਰੇ ਹਮੇਸ਼ਾ ਜ਼ਿੰਮੇਵਾਰੀ ਵਾਲਾ ਰੁਖ਼ ਰਿਹਾ ਹੈ ਪਰ ਇਸ ਗੱਲ ਨੂੰ ਲੈ ਕੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਭਾਰਤ ਆਪਣੀ ਕੌਮੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰਾਖੀ ਕਰਨ ਲਈ ਮਜ਼ਬੂਤ ਵਚਨਬੱਧ ਹੈ।
ਇਹ ਵੀ ਪੜ੍ਹੋ: ਰਾਜਨਾਥ ਨਾਲ ਬੈਠਕ ਤੋਂ ਬਾਅਦ ਚੀਨ ਦਾ ਬਿਆਨ- 'ਅਸੀਂ ਇਕ ਇੰਚ ਵੀ ਜ਼ਮੀਨ ਨਹੀਂ ਛੱਡ ਸਕਦੇ'


author

Tanu

Content Editor

Related News