Fact Check : ਕੁੰਭ ''ਚ ਸਾਧੂ ਦੇ ਅੱਗ ''ਤੇ ਲੇਟਣ ਦੀ ਵੀਡੀਓ ਕਲਿੱਪ ਇਕ ਡਾਕਿਊਮੈਂਟਰੀ ਤੋਂ ਹੈ

Tuesday, Jan 14, 2025 - 12:46 PM (IST)

Fact Check : ਕੁੰਭ ''ਚ ਸਾਧੂ ਦੇ ਅੱਗ ''ਤੇ ਲੇਟਣ ਦੀ ਵੀਡੀਓ ਕਲਿੱਪ ਇਕ ਡਾਕਿਊਮੈਂਟਰੀ ਤੋਂ ਹੈ

Fact Check By Boom

ਨਵੀਂ ਦਿੱਲੀ- ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਇਕ ਸਾਧੂ ਨੂੰ ਅੱਗ 'ਚ ਲੇਟੇ ਹੋਏ ਦਿਖਾਇਆ ਗਿਆ ਹੈ। ਯੂਜ਼ਰਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਹਿ ਰਹੇ ਹਨ ਕਿ ਮਹਾਕੁੰਭ 'ਚ ਇਕ ਸਾਧੂ ਨੇ ਗੰਗਾ ਇਸ਼ਨਾਨ ਕਰਨ ਤੋਂ ਪਹਿਲੇ ਅੱਗ ਦਾ ਇਸ਼ਨਾਨ ਕੀਤਾ, ਜਿਸ ਨੂੰ ਦੇਖ ਕੇ ਬੀਬੀਸੀ ਦੇ ਰਿਪੋਰਟਰ ਦੀ ਨੀਂਦ ਉੱਡ ਗਈ। ਬੀਬੀਸੀ ਨੇ ਆਪਣੇ ਚੈਨਲ 'ਤੇ ਇਸ ਨੂੰ ਬ੍ਰਾਡਕਾਸਟ ਕੀਤਾ ਹੈ। 
ਬੂਮ ਨੇ ਪਾਇਆ ਕਿ ਇਹ ਵਾਇਰਲ ਵੀਡੀਓ ਇਕ ਡਾਕਿਊਮੈਂਟਰੀ 'ਦਿ ਫਾਇਰ ਯੋਗੀ' ਦੀ ਕਲਿੱਪ ਹੈ, ਜੋ 2007 'ਚ ਤਾਮਿਲਨਾਡ ਦੇ ਤੰਜਾਵੁਰ ਦੇ ਇਕ ਸਾਧੂ 'ਰਾਮਭਾਊ ਸਵਾਮੀ' 'ਤੇ ਬਣਾਈ ਗਈ ਸੀ। ਇਸ ਵੀਡੀਓ ਦਾ ਮਹਾਕੁੰਭ ਮੇਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਸਾਨੂੰ ਬੀਬੀਸੀ ਦੇ ਯੂਟਿਊਬ ਚੈਨਲ ਜਾਂ ਵੈੱਬਸਾਈਟ 'ਤੇ ਵੀ ਇਸ ਨਾਲ ਸੰਬੰਧਤ ਹਾਲ ਫਿਲਹਾਲ ਦੀ ਅਜਿਹੀ ਕੋਈ ਰਿਪੋਰਟ ਨਹੀਂ ਮਿਲੀ। 

ਐਕਸ 'ਤੇ ਇਕ ਯੂਜ਼ਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ,''ਹਰਿਦੁਆਰ ਕੁੰਭ 'ਚ ਆਏ ਸੰਤ ਨੂੰ ਗੰਗਾ ਇਸ਼ਨਾਨ ਤੋਂ ਪਹਿਲੇ ਅਗਨੀ ਇਸ਼ਨਾਨ ਕਰਦੇ ਦੇਖ ਬੀਬੀਸੀ ਦੇ ਰਿਪੋਰਟਰ ਦੀ ਨੀਂਦ ਉੱਡ ਗਈ, ਜੋ ਬੀਬੀਸੀ ਦਿਨ ਰਾਤ ਹਿੰਦੂ ਧਰਮ ਸੰਸਕ੍ਰਿਤੀ ਨੂੰ ਹੋਰ ਧਰਮਾਂ ਦੇ ਉਲਟ ਹਮੇਸ਼ਾ ਨੀਵਾਂ ਦਿਖਾਉਂਦਾ ਰਿਹਾ, ਉਹੀ ਬੀਬੀਸੀ ਕੱਲ ਇਸ ਨੂੰ ਆਪਣੇ ਚੈਨਲ 'ਤੇ ਬ੍ਰਾਡਕਾਸਟ ਕੀਤਾ. ਕੁੰਭ...'

PunjabKesari

(ਆਰਕਾਈਵ ਲਿੰਕ

ਹੋਰ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਫੇਸਬੁੱਕ (ਆਰਕਾਈਵ ਲਿੰਕ) 'ਤੇ ਵੀ ਇਹ ਵੀਡੀਓ ਇਸੇ ਦਾਅਵੇ ਨਾਲ ਵਾਇਰਲ ਹੈ।

ਫੈਕਟ ਚੈੱਕ

ਵਾਇਰਲ ਵੀਡੀਓ ਇਕ ਡਾਕਿਊਮੈਂਟਰੀ ਦੀ ਕਲਿੱਪ ਹੈ।

ਬੂਮ ਨੇ ਦਾਅਵੇ ਦੀ ਪੜਤਾਲ ਲਈ ਵੀਡੀਓ ਨਾਲ ਸੰਬੰਧਤ ਕੀਵਰਡ ਨਾਲ ਗੂਗਲ 'ਤੇ ਸਰਚ ਕੀਤਾ ਤਾਂ ਸਾਨੂੰ ਟੀਵੀ ਨਿਊਜ਼ ਚੈਨਲ ਆਜ ਤੱਕ 'ਤੇ Sadhu sleeps on fire in Thanjavur ਨਾਂ ਦੇ ਟਾਈਟਲ ਨਾਲ ਇਕ ਵੀਡੀਓ ਸਟੋਰੀ ਮਿਲੀ। ਇਹ ਸਟੋਰੀ ਚਾਰ ਪਾਰਟ 'ਚ ਹੈ ਅਤੇ ਇਸ 'ਚ ਵਾਇਰਲ ਵੀਡੀਓ ਨਾਲ ਮਿਲਦੇ-ਜੁਲਦੇ ਦ੍ਰਿਸ਼ ਸ਼ਾਮਲ ਸਨ। 

PunjabKesari

ਆਜ ਤੱਕ ਦੀ 18 ਨਵੰਬਰ 2009 ਦੀ ਇਸ ਰਿਪੋਰਟ ਦੇ ਡਿਸਕ੍ਰਿਪਸ਼ਨ ਅਤੇ ਵੀਡੀਓ 'ਚ ਦੱਸਿਆ ਗਿਆ ਕਿ ਤੰਜਾਵੁਰ ਤੋਂ ਆਏ 'ਰਾਮਭਾਊ ਸਵਾਮੀ' ਨੇ ਕਰਨਾਟਕ ਦੇ ਗੁਲਬਰਗ ਦੇ ਦੱਤਾਤ੍ਰੇਯ ਮੰਦਰ 'ਚ ਅਗਨੀ ਪੂਜਾ ਨਾਲ ਜੁੜਿਆ ਇਕ ਚਮਤਕਾਰ ਦਿਖਾਇਆ। ਯੋਗੀ ਨੇ ਘੰਟਿਆਂ ਅੱਗ 'ਚ ਤੱਪ ਕੀਤਾ ਪਰ ਉਹ ਕਿਵੇ ਵੀ ਤਰ੍ਹਾਂ ਨਾਲ ਸੜੇ ਨਹੀਂ ਨਾ ਹੀ ਉਨ੍ਹਾਂ ਨੂੰ ਕੋਈ ਸੱਟ ਲੱਗੀ। ਉਨ੍ਹਾਂ ਦੇ ਭਗਤ ਇਸ ਨੂੰ ਚਮਤਕਾਰ ਮੰਨਦੇ ਹਨ। ਆਜ ਤੱਕ ਦੇ ਇਸ ਪ੍ਰੋਗਰਾਮ 'ਚ ਕੁਝ ਡਾਕਟਰਾਂ ਨੇ ਇਸ ਚਮਤਕਾਰ ਦੇ ਦਾਅਵੇ 'ਤੇ ਸਵਾਲ ਵੀ ਚੁੱਕੇ ਸਨ।

ਟਾਈਮਜ਼ ਆਫ ਇੰਡੀਆ ਨੇ ਵੀ 17 ਨਵੰਬਰ 2009 ਨੂੰ ਰਾਮਭਾਊ ਸਵਾਮੀ ਵਲੋਂ ਕੀਤੀ ਗਈ ਇਸ ਅਗਨੀ ਪੂਜਾ 'ਤੇ ਇਕ ਰਿਪੋਰਟ ਪਬਲਿਸ਼ ਕੀਤੀ ਸੀ। ਇਸ 'ਚ ਕਿਹਾ ਗਿਆ ਕਿ ਡਾਕਟਰ, ਮਨੋਵਿਗਿਆਨੀ ਅਤੇ ਰੇਸ਼ਨਲਿਸਟ ਇਸ ਦਾਅਵੇ ਨੂੰ ਖਾਰਜ ਕਰ ਰਹੇ ਹਨ ਅਤੇ ਇਸ ਨੂੰ 'ਗੁੰਮਰਾਹਕੁੰਨ' ਦੱਸ ਰਹੇ ਹਨ।

ਸਾਨੂੰ IndiaDivine ਨਾਂ ਦੇ ਯੂਟਿਊਬ ਚੈਨਲ 'ਤੇ 'ਦਿ ਫਾਇਰ ਯੋਗੀ' ਨਾਂ ਦੀ ਡਾਕਿਊਮੈਂਟਰੀ ਦਾ ਇਕ ਟਰੇਲਰ ਮਿਲਿਆ। ਇਸ 'ਚ ਦੱਸਿਆ ਗਿਆ ਕਿ ਇਹ 47 ਮਿੰਟ ਦੀ ਡਾਕਿਊਮੈਂਟਰੀ ਇਕ ਅਜਿਹੇ ਯੋਗੀ ਦੀ ਯਾਤਰਾ ਬਾਰੇ ਹੈ, ਜਿਨ੍ਹਾਂ ਕੋਲ ਅਗਨੀ ਨਾਲ ਏਕਤਾ ਸਥਾਪਤ ਕਰਨ ਲਈ ਇਕ ਅਨੋਖੀ ਸਾਹ ਤਕਨੀਕ ਦਾ ਉਪਯੋਗ ਕਰਨ ਦੀ ਇਕ ਅਸਾਧਾਰਣ ਸਮਰੱਥਾ ਹੈ।

ਸਾਨੂੰ ਐਮਾਜ਼ੋਨ ਦੀ ਵੈੱਬਸਾਈਟ 'ਤੇ ਵਿਕਰੀ ਲਈ ਉਪਲੱਬਧ ਇਸ ਡਾਕਿਊਮੈਂਟਰੀ ਦੀ ਇਕ ਡੀਵੀਡੀ ਮਿਲੀ। ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ 'The Fire Yogi - A Story of an Extraordinary Journey' ਡਾਕਿਊਮੈਂਟਰੀ ਮਾਈਕ ਵਾਸਨ ਵਲੋਂ ਨਿਰਦੇਸ਼ਿਤ ਹੈ। ਇਹ 16 ਅਕਤੂਬਰ 2007 ਨੂੰ ਜਾਰੀ ਕੀਤੀ ਗਈ ਸੀ। 

PunjabKesari

ਇਕ ਹੋਰ ਯੂਟਿਊਬ ਚੈਨਲ rudrAgni108 'ਤੇ 2 ਨਵੰਬਰ 2011 ਨੂੰ ਇਹ ਡਾਕਿਊਮੈਂਟਰੀ ਵੀਡੀਓ ਸ਼ੇਅਰ ਕੀਤੀ ਗਈ ਸੀ। ਵਾਇਰਲ ਵੀਡੀਓ ਇਸੇ ਡਾਕਿਊਮੈਂਟਰੀ ਤੋਂ ਕ੍ਰਾਪ ਕੀਤੀ ਗਈ ਹੈ। ਵੀਡੀਓ 'ਚ 18 ਮਿੰਟ 45 ਸਕਿੰਡ ਤੋਂ 21 ਮਿੰਟ 43 ਸਕਿੰਟ ਵਿਚ ਇਸ ਵਾਇਰਲ ਵੀਡੀਓ ਵਾਲੇ ਹਿੱਸੇ ਨੂੰ ਵੀ ਦੇਖਿਆ ਜਾ ਸਕਦਾ ਹੈ।

ਅਸੀਂ ਆਪਣੀ ਪੜਤਾਲ 'ਚ ਇਹ ਤਾਂ ਨਹੀਂ ਪਤਾ ਲਗਾ ਸਕੇ ਕਿ ਇਹ ਤੰਜਾਵੁਰ ਦੇ ਇਕ ਸਾਧੂ ਰਾਮਭਾਊ ਸਵਾਮੀ ਦਾ ਅਸਲ ਪ੍ਰਯੋਗ ਸੀ ਜਾਂ ਕੁਝ ਹੋਰ। ਹਾਲਾਂਕਿ ਇਹ ਸਪੱਸ਼ਟ ਹੈ ਕਿ ਇਹ ਵਾਇਰਲ ਵੀਡੀਓ ਕਲਿੱਪ 'ਦਿ ਫਾਇਰ ਯੋਗੀ' ਨਾਂ ਦੀ ਡਾਕਿਊਮੈਂਟਰੀ ਦਾ ਹਿੱਸਾ ਹੈ ਅਤੇ ਇਸ ਦਾ ਮਹਾਕੁੰਭ ਮੇਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। 

ਪ੍ਰਯਾਗਰਾਜ ਮਹਾਕੁੰਭ 2025
ਦੱਸਣਯੋਗ ਹੈ ਕਿ ਪ੍ਰਯਾਗਰਾਜ 'ਚ 13 ਜਨਵਰੀ 2025 ਤੋਂ 26 ਫਰਵਰੀ 2025 ਦਰਮਿਆਨ ਮਹਾਕੁੰਭ ਮੇਲਾ 2025 ਦਾ ਆਯੋਜਨ ਹੋਣ ਜਾ ਰਿਹਾ ਹੈ। ਭਾਰਤ ਦੇ ਚਾਰ ਮੁੱਖ ਧਾਰਮਿਕ ਸਥਾਨ ਪ੍ਰਯਾਗਰਾਜ, ਹਰਿਦੁਆਰ, ਉਜੈਨ ਅਤੇ ਨਾਸਿਕ 'ਚ ਹਰ 12 ਸਾਲ 'ਚ ਕੁੰਭ ਮੇਲਾ (ਪੂਰਨ ਕੁੰਭ) ਦਾ ਆਯੋਜਨ ਹੁੰਦਾ ਹੈ। ਪਿਛਲਾ ਕੁੰਭ ਮੇਲਾ ਹਰਿਦੁਆਰ 'ਚ 2021 'ਚ ਆਯੋਜਿਤ ਹੋਇਆ ਸੀ। ਇਸ ਵਾਰ ਪ੍ਰਯਾਗਰਾਜ 'ਚ ਹੋਣ ਜਾ ਰਿਹਾ ਇਹ ਕੁੰਭ 144 ਸਾਲ ਵਾਲੇ ਸੰਜੋਗ ਨਾਲ ਹੋ ਰਿਹਾ ਹੈ, ਜਿਸ ਨੂੰ ਮਹਾਕੁੰਭ ਕਿਹਾ ਜਾ ਰਿਹਾ ਹੈ।

(Disclaimer: ਇਹ ਫੈਕਟ ਮੂਲ ਤੌਰ 'ਤੇ BOOM LIVE ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)


author

DIsha

Content Editor

Related News