ਕੁੰਭ ਮੇਲੇ ਤੋਂ ਪਰਤਣ ਵਾਲੇ ਦਿੱਲੀ ਵਾਸੀਆਂ ਨੂੰ 14 ਦਿਨ ਤੱਕ ਰਹਿਣਾ ਹੋਵੇਗਾ ਏਕਾਂਤਵਾਸ

Sunday, Apr 18, 2021 - 02:12 PM (IST)

ਕੁੰਭ ਮੇਲੇ ਤੋਂ ਪਰਤਣ ਵਾਲੇ ਦਿੱਲੀ ਵਾਸੀਆਂ ਨੂੰ 14 ਦਿਨ ਤੱਕ ਰਹਿਣਾ ਹੋਵੇਗਾ ਏਕਾਂਤਵਾਸ

ਨਵੀਂ ਦਿੱਲੀ (ਭਾਸ਼ਾ)— ਹਰਿਦੁਆਰ ਦੇ ਕੁੰਭ ਮੇਲੇ ’ਚ ਜਾਣ ਵਾਲੇ ਜਾਂ ਜਾਣ ਦੀ ਯੋਜਨਾ ਬਣਾ ਰਹੇ ਦਿੱਲੀ ਵਾਸੀਆਂ ਨੂੰ ਉੱਥੋਂ ਪਰਤਣ ’ਤੇ 14 ਦਿਨ ਤੱਕ ਘਰ ’ਚ ਜ਼ਰੂਰੀ ਏਕਾਂਤਵਾਸ ’ਚ ਰਹਿਣਾ ਹੋਵੇਗਾ। ਉਨ੍ਹਾਂ ਨੂੰ ਖ਼ੁਦ ਸਬੰਧਤ ਜਾਣਕਾਰੀ ਅਧਿਕਾਰਤ ਵੈੱਬਸਾਈਟ ’ਤੇ ਵੀ ਪਾਉਣੀ ਹੋਵੇਗੀ। ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀ. ਡੀ. ਐੱਮ. ਏ.) ਨੇ ਇਕ ਆਦੇਸ਼ ਵਿਚ ਇਹ ਗੱਲ ਆਖੀ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਬੇਤਹਾਸ਼ਾ ਵੱਧਦੇ ਕੇਸਾਂ ਦਰਮਿਆਨ ਹਰਿਦੁਆਰ ’ਚ ਚੱਲ ਰਹੇ ਕੁੰਭ ਮੇਲੇ ਨੂੰ ਲੈ ਕੇ ਕਈ ਵਿਵਾਦ ਖੜ੍ਹੇ ਹੋ ਗਏ ਹਨ ਅਤੇ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਕੋਰੋਨਾ ਵਾਇਰਸ ਦਾ ਕੇਂਦਰ ਬਣ ਸਕਦਾ ਹੈ। ਦੱਸਣਯੋਗ ਹੈ ਕਿ ਕੁੰਭ ਮੇਲੇ ਵਿਚ 10 ਤੋਂ 14 ਅਪ੍ਰੈਲ ਦਰਮਿਆਨ ਕੁੱਲ 1,701 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ। 

ਜ਼ਰੂਰੀ ਏਕਾਂਤਵਾਸ ਸਬੰਧੀ ਆਦੇਸ਼ ਸ਼ਨੀਵਾਰ ਨੂੰ ਜਾਰੀ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ 4 ਅਪ੍ਰੈਲ ਤੋਂ ਬਾਅਦ ਕੁੰਭ ਮੇਲੇ ਵਿਚ ਗਏ ਲੋਕ ਜਾਂ ਉਹ ਲੋਕ ਜੋ 30 ਅਪ੍ਰੈਲ ਤੱਕ ਚੱਲਣ ਵਾਲੇ ਮੇਲੇ ’ਚ ਜਾਣ ਦੀ ਯੋਜਨਾ ਬਣਾ ਰਹੇ ਹਨ, ਉਨ੍ਹਾਂ ਨੂੰ ਆਪਣੀ ਵਿਅਕਤੀਗਤ ਜਾਣਕਾਰੀ, ਪਹਿਚਾਣ ਪੱਤਰ, ਕੁੰਭ ਮੇਲੇ ’ਚ ਜਾਣ ਦੀ ਤਾਰੀਖ਼ ਅਤੇ ਦਿੱਲੀ ਵਾਪਸੀ ਦੀ ਤਾਰੀਖ਼ ਦਿੱਲੀ ਸਰਕਾਰ ਦੀ ਵੈੱਬਸਾਈਟ ’ਤੇ ਪਾਉਣੀ ਹੋਵੇਗੀ। ਡੀ. ਡੀ. ਐੱਮ. ਏ. ਦੀ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਅਤੇ ਮੁੱਖ ਸਕੱਤਰ ਵਿਜੇ ਦੇਵ ਵਲੋਂ ਜਾਰੀ ਆਦੇਸ਼ ਵਿਚ ਕਿਹਾ ਗਿਆ ਕਿ ਦਿੱਲੀ ਦੇ ਉਹ ਸਾਰੇ ਵਾਸੀ ਜੋ ਹਰਿਦੁਆਰ ’ਚ ਕੁੰਭ 2021 ਮੇਲੇ ਵਿਚ ਜਾ ਚੁੱਕੇ ਹਨ ਜਾਂ ਜਾਣ ਦਾ ਵਿਚਾਰ ਕਰ ਰਹੇ ਹਨ, ਉਨ੍ਹਾਂ ਨੂੰ ਦਿੱਲੀ ਪਰਤਣ ’ਤੇ ਘਰ ’ਚ 14 ਦਿਨਾਂ ਲਈ ਏਕਾਂਤਵਾਸ ਰਹਿਣਾ ਹੋਵੇਗਾ। ਡੀ. ਡੀ. ਐੱਮ. ਏ. ਦੇ ਆਦੇਸ਼ ਦਾ ਉਲੰਘਣ ਕਰਨ ਵਾਲਿਆਂ ਖ਼ਿਲਾਫ਼ ਆਫ਼ਤ ਪ੍ਰਬੰਧਨ ਕਾਨੂੰਨ ਅਤੇ ਹੋਰ ਕਾਨੂੰਨੀ ਵਿਵਸਥਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ। 


author

Tanu

Content Editor

Related News