ਮੀਂਹ ਕਾਰਨ ਚਿੱਕੜ ਨਾਲ ਭਰੀ ਸੜਕ, 4 ਕਿਲੋਮੀਟਰ ਪੈਦਲ ਚੱਲ ਕੇ ਲਾੜੀ ਦੇ ਘਰ ਪੁੱਜਾ ਲਾੜਾ

08/06/2022 4:15:48 PM

ਕੁੱਲੂ- (ਆਚਾਰੀਆ) ਹਿਮਾਚਲ ਦੇ ਕੁੱਲੂ ਤੋਂ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਪੜ੍ਹ ਕੇ ਤੁਹਾਨੂੰ ਹਾਸਾ ਵੀ ਆ ਸਕਦਾ ਹੈ ਅਤੇ ਨਹੀਂ ਵੀ। ਦਰਅਸਲ ਇੱਥੇ ਮੀਂਹ ਨੇ ਸਰਕਾਰ ਅਤੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ, ਜਿਸ ਦਾ ਵਾਅਦਾ ਅਕਸਰ ਉਹ ਜਨਤਾ ਨਾਲ ਕਰਦੇ ਹਨ। ਮਨਾਲੀ ਦੇ ਰਾਂਗੜੀ ਤੋਂ ਰਿਆੜਾ ਪੰਚਾਇਤ ਦੇ ਪੂਜਨ ਪਿੰਡ ਲਈ ਇਕ ਬਰਾਤ ਨਿਕਲੀ ਪਰ ਸੜਕ ’ਤੇ ਚਿੱਕੜ ਹੋਣ ਕਾਰਨ ਕਾਰ 4 ਕਿਲੋਮੀਟਰ ਪਿੱਛੇ ਹੀ ਫਸ ਗਈ। ਲਿਹਾਜ਼ਾ ਲਾੜੇ ਨੂੰ ਬਰਾਤ ਸਮੇਤ 4 ਕਿਲੋਮੀਟਰ ਪੈਦਲ ਚੱਲ ਕੇ ਪੂਜਨ ਪਹੁੰਚਣਾ ਪਿਆ। 

ਮੀਂਹ ਕਾਰਨ ਮਨਾਲੀ ਵਿਧਾਨ ਸਭਾ ਦੀ ਰਿਆੜਾ ਪੰਚਾਇਤ ਨੂੰ ਜੋੜਦੀ ਸੜਕ ਦਲਦਲ ਦਾ ਰੂਪ ਲੈ ਚੁੱਕੀ ਹੈ। ਅਜਿਹੇ ’ਚ ਪੂਜਨ ਨਾਲੇ ਤੋਂ ਅੱਗੇ ਵਾਹਨ ਨਹੀਂ ਜਾ ਸਕੇ, ਵਾਹਨ ਚਿੱਕੜ ’ਚ ਫਸ ਗਏ। ਚਿੱਕੜ ਨਾਲ ਭਰੀ ਸੜਕ ’ਤੇ ਅੱਗੇ ਵੱਧਣਾ ਮੁਸ਼ਕਲ ਸੀ। ਸੇਬ ਸੀਜ਼ਨ ਵੀ ਸ਼ੁਰੂ ਹੋ ਚੁੱਕਾ ਹੈ। ਫ਼ਸਲ ਨੂੰ ਮੰਡੀਆਂ ਤੱਕ ਪਹੁੰਚਾਉਣਾ ਵੀ ਚੁਣੌਤੀ ਬਣਿਆ ਹੋਇਆ ਹੈ। 

PunjabKesari

ਚਿੱਕੜ ਕਾਰਨ ਰਿਆੜਾ, ਲਿਗਨ, ਪੂਜਨ ਅਤੇ ਮੋਹਿਲਾ ਪਿੰਡ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਹਨ ਨਾ ਚੱਲ ਸਕਣ ਕਾਰਨ ਲੋਕਾਂ ਨੂੰ ਪਿੱਠ ’ਤੇ ਰੋਜ਼ਾਨਾ ਦਾ ਸਾਮਾਨ ਲੈ ਕੇ ਜਾਣਾ ਪੈ ਰਿਹਾ ਹੈ। ਮਨਾਲੀ ਵਿਧਾਨ ਸਭਾ ਦੀ ਰਿਆੜਾ ਪੰਚਾਇਤ ਨੂੰ ਜੋੜਦੀ ਪਤਲੀਕੂਹਲ-ਪਨਗਾਂ-ਸ਼ਾਂਗਚਰ ਸੜਕ ਜਿਸ ਦਾ ਕੰਮ ਲੱਗਭਗ 1 ਸਾਲ ਪਹਿਲਾਂ ਹੋਇਆ ਸੀ। ਪਨਗਾਂ ਤੋਂ 2 ਕਿਲੋਮੀਟਰ ਅੱਗੇ ਪੂਜਨ ਨਾਲਾ ’ਚ ਪੁਲੀ ਦਾ ਕੰਮ ਸਮੇਂ ਰਹਿੰਦੇ ਨਹੀਂ ਕੀਤਾ ਗਿਆ। ਜਿਸ ਕਾਰਨ ਪੁਲੀ ਦਾ ਅਗਲਾ ਅਤੇ ਪਿਛਲਾ ਹਿੱਸਾ ਚਿੱਕੜ ਨਾਲ ਭਰ ਗਿਆ। ਚਿੱਕੜ ਕਾਰਨ ਗੱਡੀਆਂ ਨਹੀਂ ਲੰਘ ਪਾ ਰਹੀਆਂ।


Tanu

Content Editor

Related News