ਅਮਿਤ ਸ਼ਾਹ ਅਤੇ ਨੱਢਾ ਨੂੰ ਮਿਲੇ ਕੁਲਦੀਪ ਬਿਸ਼ਨੋਈ, ਭਾਜਪਾ ''ਚ ਹੋ ਸਕਦੇ ਹਨ ਸ਼ਾਮਲ
Sunday, Jul 10, 2022 - 04:15 PM (IST)
ਹਰਿਆਣਾ (ਭਾਸ਼ਾ)- ਹਰਿਆਣਾ ਦੇ ਕਾਂਗਰਸ ਵਿਧਾਇਕ ਕੁਲਦੀਪ ਬਿਸ਼ਨੋਈ ਨੇ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਬੁਲਾਰੇ ਜੇ.ਪੀ. ਨੱਢਾ ਨਾਲ ਮੁਲਾਕਾਤ ਕੀਤੀ। ਅਜਿਹੇ ਕਿਆਸ ਲਗਾਏ ਜਾ ਰਹੇ ਹਨ ਕਿ ਬਿਸ਼ਨੋਈ ਜਲਦ ਹੀ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਨੇ ਪਿਛਲੇ ਮਹੀਨੇ ਹੋਈਆਂ ਰਾਜ ਸਭਾ ਚੋਣਾਂ 'ਚ ਕਾਂਗਰਸ ਉਮੀਦਵਾਰ ਖ਼ਿਲਾਫ ਵੋਟਿੰਗ ਕੀਤੀ ਸੀ। ਆਦਮਪੁਰ ਦੇ 53 ਸਾਲਾ ਵਿਧਾਇਕ ਨੇ ਨਵੀਂ ਦਿੱਲੀ 'ਚ ਭਾਜਪਾ ਨੇਤਾਵਾਂ ਨਾਲ ਮੁਲਾਕਾਤ ਕੀਤੀ ਅਤੇ ਬਾਅਦ 'ਚ ਉਨ੍ਹਂ ਦੀ ਪ੍ਰਸ਼ੰਸਾ ਕੀਤੀ। ਕੁਲਦੀਪ ਬਿਸ਼ਨੋਈ ਨੂੰ ਪਿਛਲੇ ਮਹੀਨੇ ਕਾਂਗਰਸ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਬਰਖ਼ਾਸਤ ਕਰ ਦਿੱਤਾ ਸੀ। ਉਸ ਦੇ ਬਾਅਦ ਤੋਂ ਹੀ ਭਾਜਪਾ ਨਾਲ ਉਨ੍ਹਾਂ ਦੀਆਂ ਨਜ਼ਦੀਕੀਆਂ ਵਧਦੀਆਂ ਜਾ ਰਹੀਆਂ ਹਨ। ਬਿਸ਼ਨੋਈ ਨੇ ਆਪਣੇ ਟਵਿੱਟਰ ਪ੍ਰੋਫਾਈਲ ਤੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪਾਰਟੀ ਨੇਤਾ ਰਾਹੁਲ ਗਾਂਧੀ ਨਾਲ ਆਪਣੀਆਂ ਤਸਵੀਰਾਂ ਵੀ ਹਟਾ ਦਿੱਤੀਆਂ ਹਨ।
ਬਿਸ਼ਨੋਈ ਨੇ ਉਨ੍ਹਾਂ ਦੀ ਜਗ੍ਹਾ ਆਪਣੇ ਪਿਤਾ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਭਜਨ ਲਾਲ ਨਾਲ ਤਸਵੀਰਾਂ ਲਗਾ ਦਿੱਤੀਆਂ ਹਨ। ਚਾਰ ਵਾਰ ਦੇ ਵਿਧਾਇਕ ਅਤੇ 2 ਵਾਰ ਦੇ ਸੰਸਦ ਮੈਂਬਰ ਬਿਸ਼ਨੋਈ ਹਰਿਆਣਾ 'ਚ ਕਾਂਗਰਸ ਵਲੋਂ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਲਈ ਉਨ੍ਹਾਂ ਨੂੰ ਨਜ਼ਰਅੰਦਾਜ ਕੀਤੇ ਜਾਣ ਦੇ ਬਾਅਦ ਤੋਂ ਹੀ ਨਾਰਾਜ਼ ਚੱਲ ਰਹੇ ਹਨ। ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਦੇ ਕਰੀਬੀ ਮੰਨੇ ਜਾਣ ਵਾਲੇ ਉਦੈ ਭਾਨ ਨੂੰ ਹਰਿਆਣਾ ਇਕਾਈ ਦਾ ਪ੍ਰਮੁੱਖ ਨਿਯੁਕਤ ਕੀਤਾ ਸੀ। ਕੁਲਦੀਪ ਬਿਸ਼ਨੋਈ ਨੇ ਭਾਜਪਾ ਨੇਤਾਵਾਂ ਨਾਲ ਮੁਲਾਕਾਤ ਤੋਂ ਬਾਅਦ ਟਵੀਟ ਕੀਤਾ,''ਅਮਿਤ ਸ਼ਾਹ ਜੀ ਨੂੰ ਮਿਲਣਾ ਇਕ ਅਸਲ ਸਨਮਾਨੀ ਅਤੇ ਖੁਸ਼ੀ ਦੀ ਗੱਲ ਸੀ। ਇਕ ਸੱਚੇ ਰਾਜਨੇਤਾ, ਮੈਂ ਉਨ੍ਹਾਂ ਨਾਲ ਗੱਲਬਾਤ 'ਚ ਉਨ੍ਹਾਂ ਦੀ ਆਭਾ ਅਤੇ ਕਰਿਸ਼ਮਾ ਨੂੰ ਮਹਿਸੂਸ ਕੀਤਾ। ਭਾਰਤ ਲਈ ਉਨ੍ਹਾਂ ਦਾ ਦ੍ਰਿਸ਼ਟੀਕੋਣ ਹੈਰਾਨੀਜਨਕ ਹੈ।'' ਬਿਸ਼ਨੋਈ ਨੇ ਨੱਢਾ ਨਾਲ ਮੁਲਾਕਾਤ ਨੂੰ ਬੇਹੱਦ ਮਾਣ ਵਾਲਾ ਪਲ ਕਰਾਰ ਦਿੰਦੇ ਹੋਏ ਟਵੀਟ ਕੀਤਾ,''ਮੈਂ ਜੇ.ਪੀ. ਨੱਢਾ ਨੂੰ ਮਿਲ ਕੇ ਬੇਹੱਦ ਮਾਣ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਦਾ ਸਾਦਾ ਅਤੇ ਨਿਮਰ ਸੁਭਾਅ ਉਨ੍ਹਾਂ ਨੂੰ ਹੋਰਾਂ ਤੋਂ ਵੱਖ ਦਿਖਾਉਂਦਾ ਹੈ। ਉਨ੍ਹਾਂ ਦੀ ਯੋਗ ਪ੍ਰਧਾਨਗੀ 'ਚ ਭਾਜਪਾ ਨੇ ਬੇਮਿਸਾਲ ਉਚਾਈਆਂ ਨੂੰ ਦੇਖਿਆ ਹੈ। ਮੈਂ ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ।''