ਕੂਕੀ ਸਮੂਹਾਂ ਨੇ ਮਣੀਪੁਰ ’ਚ ਹਾਈਵੇਅ ’ਤੇ 2 ਮਹੀਨਿਆਂ ਤੋਂ ਜਾਰੀ ਨਾਕੇਬੰਦੀ ਹਟਾਈ

Monday, Jul 03, 2023 - 12:09 PM (IST)

ਕੂਕੀ ਸਮੂਹਾਂ ਨੇ ਮਣੀਪੁਰ ’ਚ ਹਾਈਵੇਅ ’ਤੇ 2 ਮਹੀਨਿਆਂ ਤੋਂ ਜਾਰੀ ਨਾਕੇਬੰਦੀ ਹਟਾਈ

ਗੁਹਾਟੀ, (ਭਾਸ਼ਾ)- ਮਣੀਪੁਰ ’ਚ ਕੂਕੀ ਸਮੂਹਾਂ ਦੇ 2 ਮੋਹਰੀ ਸੰਗਠਨਾਂ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਮਹੱਤਵਪੂਰਨ ਰਾਸ਼ਟਰੀ ਰਾਜ ਮਾਰਗ-2 ’ਤੇ ਕਾਂਗਪੋਕਪੀ ਜ਼ਿਲੇ ’ਚ 2 ਮਹੀਨਿਆਂ ਤੋਂ ਜਾਰੀ ਨਾਕੇਬੰਦੀ ਹਟਾ ਲਈ ਹੈ।

ਯੂਨਾਈਟਿਡ ਪੀਪੁਲਸ ਫਰੰਟ (ਯੂ. ਪੀ. ਐੱਫ.) ਤੇ ਕੂਕੀ ਨੈਸ਼ਨਲ ਆਰਗੇਨਾਈਜ਼ੇਸ਼ਨ (ਕੇ. ਐੱਨ. ਓ.) ਨੇ ਇਕ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ‘ਸ਼ਾਂਤੀ ਅਤੇ ਸਦਭਾਵਨਾ’ ਬਹਾਲ ਕਰਨ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ ਨਾਕੇਬੰਦੀ ਹਟਾ ਲਈ ਗਈ ਹੈ। 

ਇਹ ਦੋਵੇਂ ਸੰਗਠਨ ਪੂਰਬ ਅੱਤਵਾਦੀ ਸਮੂਹਾਂ ਦੀ ਨੁਮਾਇੰਦਗੀ ਕਰਦੇ ਹਨ, ਜਿਨ੍ਹਾਂ ਨੇ ਆਪਣੀਆਂ ਗਤੀਵਿਧੀਆਂ ਮੁਅੱਤਲ ਰੱਖਣ ਲਈ ਸਰਕਾਰ ਨਾਲ ਸਮਝੌਤਾ ਕੀਤਾ ਹੈ। ਕੂਕੀ ਨਾਗਰਿਕ ਸਮਾਜ ਸਮੂਹ ‘ਕਮੇਟੀ ਆਨ ਟ੍ਰਾਇਬਲ ਯੂਨਿਟੀ’ (ਸੀ. ਓ. ਟੀ. ਯੂ.) ਨੇ ਅਜੇ ਤੱਕ ਅਧਿਕਾਰਕ ਰੂਪ ’ਚ ਅੰਦੋਲਨ ਵਾਪਸ ਨਹੀਂ ਲਿਆ ਹੈ।

ਉਥੇ ਹੀ ਮਣੀਪੁਰ 'ਚ ਬਿਸ਼ਣੂਪੁਰ ਜ਼ਿਲੇ ਦੇ ਕੁੰਭੀ ਸ਼ਹਿਰ 'ਚ ਐਤਵਾਰ ਨੂੰ ਹਥਿਆਰਬੰਦ ਲੋਕਾਂ ਵੱਲੋਂ ਕੀਤੀ ਗੋਲੀਬਾਰੀ 'ਚ 3 ਲੋਕਾਂ ਦੀ ਮੌਤ ਹੋ ਗਈ। ਰਾਜਪਾਲ ਅਨੁਸੁਈਆ ਉਈਕੇ ਨੇ ਇਕ ਬਿਆਨ ਜਾਰੀ ਕਰੇਕ ਹਮਲੇ ਦੀ ਨਿੰਦੀ ਕੀਤੀ। 

ਸੂਤਰਾਂ ਨੇ ਦੱਸਿਆ ਕਿ ਸ਼ਨੀਵਾਰ ਅੱਧੀ ਰਾਤ ਤੋਂ ਲਿੰਗੌਬੀ, ਚੰਦੋਲਪੋਕਪੀ ਅਤੇ ਸੌਕੋਮ ਇਲਾਕਿਆਂ 'ਚ ਲਾਗਲੀਆਂ ਪਹਾੜੀਆਂ ਤੋਂ ਭਾਰੀ ਗੋਲੀਬਾਰੀ ਹੋ ਰਹੀ ਹੈ। ਇਲਾਕੇ ਦੇ ਲੋਕਾਂ ਨੇ ਕੇਂਦਰੀ ਬਲਾਂ ਤੋਂ ਮਦਦ ਦੀ ਗੁਹਾਰ ਲਾਈ ਹੈ। ਕੂਕੀ ਬਹੁਤਾਤ ਪਹਾੜੀ ਇਲਾਕਿਆਂ ਤੋਂ 3 ਮਈ ਤੋਂ ਗੋਲੀਬਾਰੀ ਜਾਰੀ ਹੈ। ਤਲਹਟੀ ਅਤੇ ਹੋਰ ਪ੍ਰਭਾਵਿਤ ਖੇਤਰਾਂ 'ਚ ਰਹਿਣ ਵਾਲੇ ਲਗਭਗ 50000 ਲੋਕ ਉੱਜੜ ਗਏ ਹਨ ਅਤੇ ਰਾਹਤ ਕੈਂਪਾਂ 'ਚ ਰਹਿ ਰਹੇ ਹਨ।


author

Rakesh

Content Editor

Related News