ਕੋਲਕਾਤਾ ਰੇਪ-ਕਤਲ ਮਾਮਲਾ: ਕੰਮ 'ਤੇ ਪਰਤਣਗੇ ਡਾਕਟਰ, ਹੜਤਾਲ ਖ਼ਤਮ ਕਰਨ ਦਾ ਕੀਤਾ ਐਲਾਨ

Thursday, Sep 19, 2024 - 10:37 PM (IST)

ਕੋਲਕਾਤਾ ਰੇਪ-ਕਤਲ ਮਾਮਲਾ: ਕੰਮ 'ਤੇ ਪਰਤਣਗੇ ਡਾਕਟਰ, ਹੜਤਾਲ ਖ਼ਤਮ ਕਰਨ ਦਾ ਕੀਤਾ ਐਲਾਨ

ਨੈਸ਼ਨਲ ਡੈਸਕ - ਕੋਲਕਾਤਾ ਵਿੱਚ ਟ੍ਰੇਨੀ ਡਾਕਟਰ ਨਾਲ ਜਬਰ-ਜ਼ਿਨਾਹ ਤੋਂ ਬਾਅਦ ਬੇਰਿਹਮੀ ਨਾਲ ਕਤਲ ਕਰਨ ਦੇ ਮਾਮਲੇ ਵਿੱਚ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਨੇ ਕੰਮ 'ਤੇ ਪਰਤਣ ਦਾ ਐਲਾਨ ਕੀਤਾ ਹੈ। ਜੂਨੀਅਰ ਰੈਜ਼ੀਡੈਂਟ ਡਾਕਟਰ ਆਰਜੀ ਕਾਰ ਮੈਡੀਕਲ ਕਾਲਜ ਵਿੱਚ ਮਹਿਲਾ ਡਾਕਟਰਾਂ ਨਾਲ ਹੋਈ ਬੇਰਹਿਮੀ ਖ਼ਿਲਾਫ਼ 9 ਅਗਸਤ ਤੋਂ ਪ੍ਰਦਰਸ਼ਨ ਕਰ ਰਹੇ ਸਨ। ਮਮਤਾ ਸਰਕਾਰ ਲਗਾਤਾਰ ਉਨ੍ਹਾਂ ਨੂੰ ਕੰਮ 'ਤੇ ਵਾਪਸ ਆਉਣ ਦੀ ਮੰਗ ਕਰ ਰਹੀ ਸੀ। ਸੁਪਰੀਮ ਕੋਰਟ ਨੇ ਵੀ ਡਾਕਟਰਾਂ ਨੂੰ ਕੰਮ 'ਤੇ ਪਰਤਣ ਲਈ ਕਿਹਾ ਸੀ।

ਜੂਨੀਅਰ ਡਾਕਟਰਾਂ ਨੇ ਸ਼ੁੱਕਰਵਾਰ 20 ਸਤੰਬਰ ਤੋਂ ਸਵਾਸਥ ਭਵਨ ਅਤੇ ਕੋਲਕਾਤਾ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਸ਼ਨੀਵਾਰ ਤੋਂ ਸਾਰੇ ਡਾਕਟਰ ਕੰਮ 'ਤੇ ਪਰਤਣਗੇ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਅਤੇ ਲੋਕਾਂ ਦੀ ਮਦਦ ਕਰਨਗੇ। ਪੂਰੇ 41 ਦਿਨਾਂ ਬਾਅਦ, ਡਾਕਟਰ ਜ਼ਰੂਰੀ ਸੇਵਾਵਾਂ 'ਤੇ ਵਾਪਸ ਆ ਜਾਣਗੇ।

ਦੱਸ ਦੇਈਏ ਕਿ ਜੂਨੀਅਰ ਡਾਕਟਰਾਂ ਦੇ ਸੰਗਠਨਾਂ ਨੇ ਕੋਲਕਾਤਾ ਘਟਨਾ ਦੇ ਵਿਰੋਧ 'ਚ ਹੜਤਾਲ ਦਾ ਐਲਾਨ ਕੀਤਾ ਸੀ। ਇਸ ਕਾਰਨ ਬੰਗਾਲ ਦੀਆਂ ਸਿਹਤ ਸੇਵਾਵਾਂ ਠੱਪ ਹੋ ਗਈਆਂ ਸਨ। ਹੜਤਾਲ 'ਤੇ ਬੈਠੇ ਜੂਨੀਅਰ ਡਾਕਟਰਾਂ ਦੀਆਂ 5 ਮੰਗਾਂ ਸਨ, ਜਿਨ੍ਹਾਂ 'ਚੋਂ ਮਮਤਾ ਸਰਕਾਰ ਨੇ 3 ਮੰਨ ਲਈਆਂ ਹਨ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖੁਦ ਡਾਕਟਰਾਂ ਦੇ ਵਫਦ ਨਾਲ ਗੱਲਬਾਤ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਸੀ।


author

Inder Prajapati

Content Editor

Related News