ਕੋਲਕਾਤਾ ਰੇਪ-ਕਤਲ ਮਾਮਲਾ: ਹਸਪਤਾਲ ''ਚ ਭੰਨਤੋੜ ਕਰਨ ਵਾਲੇ 12 ਦੋਸ਼ੀ ਗ੍ਰਿਫਤਾਰ

Thursday, Aug 15, 2024 - 10:18 PM (IST)

ਕੋਲਕਾਤਾ ਰੇਪ-ਕਤਲ ਮਾਮਲਾ: ਹਸਪਤਾਲ ''ਚ ਭੰਨਤੋੜ ਕਰਨ ਵਾਲੇ 12 ਦੋਸ਼ੀ ਗ੍ਰਿਫਤਾਰ

ਨੈਸ਼ਨਲ ਡੈਸਕ - ਕੋਲਕਾਤਾ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਵਿਸ਼ੇਸ਼ ਅਪਰਾਧ ਟੀਮ ਨੇ ਪਿਛਲੇ ਹਫ਼ਤੇ ਇੱਕ ਟਰੇਨੀ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿੱਚ ਆਰ.ਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਮੁਆਇਨਾ ਕੀਤਾ। ਏਜੰਸੀ ਨੇ ਇਹ ਦੌਰਾ ਪੂਰਾ ਕਰ ਲਿਆ ਹੈ। ਇਸ ਦੇ ਨਾਲ ਹੀ ਸੀ.ਬੀ.ਆਈ. ਨੇ 5 ਡਾਕਟਰਾਂ ਨੂੰ ਵੀ ਤਲਬ ਕੀਤਾ ਹੈ। ਇਸ ਦੇ ਨਾਲ ਹੀ ਬੁੱਧਵਾਰ (14 ਅਗਸਤ) ਨੂੰ ਬਦਮਾਸ਼ਾਂ ਨੇ ਆਰ.ਜੀ. ਕਾਰ ਹਸਪਤਾਲ 'ਤੇ ਹਮਲਾ ਕੀਤਾ ਸੀ, ਇਸ ਮਾਮਲੇ 'ਚ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਸੀ.ਬੀ.ਆਈ. ਦੀ ਟੀਮ ਨੇ ਪਹਿਲੀ ਮੰਜ਼ਿਲ ਤੋਂ ਚੌਥੀ ਮੰਜ਼ਿਲ ਤੱਕ ਜਾਂਚ ਕੀਤੀ। ਟੀਮ ਨੇ ਉੱਪਰ ਜਾ ਕੇ ਦੇਖਿਆ ਕਿ ਕਿੰਨਾ ਨੁਕਸਾਨ ਹੋਇਆ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਜਿਸ ਕਮਰੇ ਵਿੱਚ ਇਹ ਘਟਨਾ ਵਾਪਰੀ ਸੀ, ਕੀ ਉਹ ਕਮਰਾ ਠੀਕ ਸੀ ਜਾਂ ਕੀ ਸ਼ਰਾਰਤੀ ਅਨਸਰਾਂ ਨੇ ਉੱਥੇ ਵੀ ਨੁਕਸਾਨ ਪਹੁੰਚਾਇਆ ਸੀ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਤਾਲਾ ਥਾਣੇ ਦੇ ਇੰਚਾਰਜ ਅਧਿਕਾਰੀ ਤੋਂ ਵੀ ਪੁੱਛਗਿੱਛ ਕੀਤੀ, ਜਿਸ ਦਾ ਅਧਿਕਾਰ ਖੇਤਰ ਉਸ ਖੇਤਰ 'ਤੇ ਹੈ ਜਿੱਥੇ ਇਹ ਘਟਨਾ ਵਾਪਰੀ ਸੀ।

CBI ਦੇ ਹੱਥਾਂ 'ਚ ਕੇਸ, ਹੁਣ ਤੱਕ ਕੀ ਹੋਇਆ?
ਸੀ.ਬੀ.ਆਈ. ਨੂੰ ਇਸ ਕੇਸ ਨੂੰ ਆਪਣੇ ਹੱਥਾਂ ਵਿੱਚ ਲਏ ਦੋ ਦਿਨ ਹੋ ਗਏ ਹਨ। ਏਜੰਸੀ ਜਾਂਚ ਕਰ ਰਹੀ ਹੈ ਕਿ ਘਟਨਾ ਵਾਲੀ ਰਾਤ ਕੀ ਹੋਇਆ? ਪੁਲਸ ਇਸ ਘਟਨਾ ਦੀ ਜਾਂਚ ਕਿਵੇਂ ਕਰ ਰਹੀ ਸੀ ਅਤੇ ਹਸਪਤਾਲ ਪ੍ਰਸ਼ਾਸਨ ਨੇ ਪੁਲਸ ਦੀ ਕਿਵੇਂ ਮਦਦ ਕੀਤੀ? ਸੂਤਰਾਂ ਮੁਤਾਬਕ ਸੀ.ਬੀ.ਆਈ. ਫਿਲਹਾਲ ਆਰ.ਜੀ. ਕਾਰ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ। ਇਸ ਤੋਂ ਬਾਅਦ ਨਰਸਿੰਗ ਸਟਾਫ਼ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕੋਲਕਾਤਾ ਪੁਲਸ ਵੱਲੋਂ ਬਣਾਈ ਗਈ ਐਸ.ਆਈ.ਟੀ. ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।

ਹਮਲਾਵਰਾਂ ਨੇ ਹਸਪਤਾਲ 'ਤੇ ਕੀਤਾ ਹਮਲਾ 
ਇਸ ਦੌਰਾਨ ਡਾਕਟਰਾਂ ਦੇ ਚੱਲ ਰਹੇ ਵਿਰੋਧ ਦੇ ਵਿਚਕਾਰ ਬੁੱਧਵਾਰ (14 ਅਗਸਤ) ਨੂੰ ਅਣਪਛਾਤੇ ਲੋਕਾਂ ਦਾ ਇੱਕ ਵੱਡਾ ਸਮੂਹ ਹਸਪਤਾਲ ਵਿੱਚ ਦਾਖਲ ਹੋ ਗਿਆ। ਹਮਲਾਵਰਾਂ ਨੇ ਐਮਰਜੈਂਸੀ ਵਿਭਾਗ ਅਤੇ ਨਰਸਿੰਗ ਸਟੇਸ਼ਨ ਦੀ ਭੰਨਤੋੜ ਕੀਤੀ ਅਤੇ ਦਵਾਈਆਂ ਦੀਆਂ ਦੁਕਾਨਾਂ ਨੂੰ ਵੀ ਨਹੀਂ ਬਖਸ਼ਿਆ। ਉਨ੍ਹਾਂ ਨੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਵੀ ਨੁਕਸਾਨ ਪਹੁੰਚਾਇਆ ਅਤੇ ਇੱਕ ਸਟੇਜ ਦੀ ਭੰਨਤੋੜ ਕੀਤੀ ਜਿੱਥੇ ਜੂਨੀਅਰ ਡਾਕਟਰ 9 ਅਗਸਤ ਤੋਂ ਪ੍ਰਦਰਸ਼ਨ ਕਰ ਰਹੇ ਸਨ। ਪੁਲਸ ਨੇ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਇਸ ਮਾਮਲੇ 'ਚ ਹੁਣ ਤੱਕ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।


author

Inder Prajapati

Content Editor

Related News