''CM ਮਮਤਾ ਬੈਨਰਜੀ ਦੇ ਔਲਾਦ ਨਹੀਂ, ਓਹ ਕੀ ਜਾਣੇ ਧੀ ਗੁਆਉਣ ਦਾ ਦਰਦ''
Saturday, Aug 31, 2024 - 04:31 PM (IST)
ਕੋਲਕਾਤਾ- ਕੋਲਕਾਤਾ ਦੇ ਆਰ. ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਦਰਿੰਦਗੀ ਦੀ ਸ਼ਿਕਾਰ ਹੋਈ ਮਹਿਲਾ ਡਾਕਟਰ ਦੀ ਮਾਂ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਮ੍ਰਿਤਕ ਡਾਕਟਰ ਦੀ ਮਾਂ ਨੇ ਕਿਹਾ ਕਿ ਮਮਤਾ ਬੈਨਰਜੀ ਦੇ ਕੋਈ ਔਲਾਦ ਨਹੀਂ ਹੈ, ਇਸ ਲਈ ਉਹ ਧੀ ਗੁਆਉਣ ਦਾ ਦਰਦ ਨਹੀਂ ਸਮਝ ਸਕਦੀ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਮੁੱਖ ਮੰਤਰੀ ਦੇ ਉਸ ਬਿਆਨ ਤੋਂ ਕਾਫੀ ਦੁਖ ਹੋਇਆ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਨਿਆਂ ਨਹੀਂ ਚਾਹੁੰਦੇ। ਪੂਰਾ ਦੇਸ਼ ਸਾਡੀ ਧੀ ਲਈ ਨਿਆਂ ਦੀ ਮੰਗ ਕਰ ਰਿਹਾ ਹੈ ਅਤੇ ਅਸੀਂ ਨਿਆਂ ਨਹੀਂ ਚਾਹਾਂਗੇ? ਉਹ ਚਾਹੇ ਜੋ ਬੋਲਣ ਅਸੀਂ ਆਪਣਾ ਦੁਖ ਕਿਸੇ ਨੂੰ ਨਹੀਂ ਸਮਝਾ ਸਕਦੇ।
ਉਨ੍ਹਾਂ ਨੇ ਨਿਆਂ ਲਈ ਅੰਦੋਲਨ ਕਰ ਰਹੇ ਲੋਕਾਂ ਤੋਂ ਇਸ ਨੂੰ ਜਾਰੀ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਅਸੀਂ ਪੁਲਸ ਦੀ ਜਾਂਚ ਤੋਂ ਸੰਤੁਸ਼ਟ ਨਹੀਂ ਸੀ, ਇਸ ਲਈ ਹਾਈ ਕੋਰਟ ਗਏ। ਅਦਾਲਤ ਨੇ ਇਹ ਮਾਮਲਾ ਸੀ. ਬੀ. ਆਈ. ਨੂੰ ਸੌਂਪਿਆ ਹੈ। ਸਾਨੂੰ ਸ਼ੁਰੂ ਤੋਂ ਹੀ ਹਸਪਤਾਲ ਪ੍ਰਸ਼ਾਸਨ 'ਤੇ ਸ਼ੱਕ ਸੀ। ਉਹ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਸਾਨੂੰ ਵਾਰਦਾਤ ਦੀ ਸੂਚਨਾ ਬਹੁਤ ਦੇਰ ਤੋਂ ਦਿੱਤੀ ਗਈ ਸੀ। ਦੂਜੇ ਪਾਸੇ ਕੋਲਕਾਤਾ ਪੁਲਸ ਨੇ ਇਸ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਕਿ ਉਸ ਵਲੋਂ ਮ੍ਰਿਤਕਾ ਦੇ ਮਾਤਾ-ਪਿਤਾ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਧੀ ਨੇ ਖ਼ੁਦਕੁਸ਼ੀ ਕਰ ਲਈ ਹੈ। ਉੱਥੇ ਹੀ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਆਰ. ਜੀ. ਕਰ ਕਾਂਡ ਦੇ ਵਿਰੋਧ ਵਿਚ ਪੱਛਮੀ ਬੰਗਾਲ ਵਿਦਿਆਰਥੀ ਸਮਾਜ ਵਲੋਂ ਬੀਤੀ 27 ਅਗਸਤ ਨੂੰ ਬੰਦ ਦੇ ਸੱਦੇ ਨੂੰ ਲੈ ਕੇ ਸੂਬਾ ਸਕੱਤਰੇਤ ਮਾਰਦ ਦੌਰਾਨ ਝੜਪ ਦੀਆਂ ਘਟਨਾਵਾਂ ਨੂੰ ਲੈ ਕੇ ਕੋਲਕਾਤਾ ਪੁਲਸ ਤੋਂ ਰਿਪੋਰਟ ਮੰਗੀ ਹੈ।