ਕੋਲਕਾਤਾ 'ਚ ਤਾਇਨਾਤ CISF ਕਰਮਚਾਰੀ ਦੀ ਕੋਵਿਡ-19 ਨਾਲ ਮੌਤ
Tuesday, May 12, 2020 - 12:02 PM (IST)
ਨਵੀਂ ਦਿੱਲੀ/ਕੋਲਕਾਤਾ (ਭਾਸ਼ਾ)- ਕੋਲਕਾਤਾ 'ਚ ਤਾਇਨਾਤ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀ.ਆਈ.ਐੱਸ.ਐੱਫ.) ਦੇ ਇਕ ਕਰਮਚਾਰੀ ਦੀ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮੌਤ ਹੋ ਗਈ। ਸੀ.ਆਈ.ਐੱਸ.ਐੱਫ. 'ਚ ਕੋਵਿਡ-19 ਨਾਲ ਹੋਣ ਵਾਲੀ ਇਹ ਤੀਜੀ ਮੌਤ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਕੇਂਦਰੀ ਹਥਿਆਰਬੰਦ ਪੁਲਸ ਫੋਰਸਾਂ (ਸੀ.ਏ.ਪੀ.ਐੱਫ.) 'ਚ ਕੋਵਿਡ-19 ਨਾਲ ਹੋਣ ਵਾਲੀ ਇਹ 6ਵੀਂ ਮੌਤ ਹੈ। ਇਸ ਤੋਂ ਪਹਿਲਾਂ ਇਨਫੈਕਸ਼ਨ ਦੇ ਸ਼ਿਕਾਰ ਹੋਏ ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਦੇ 2 ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੇ ਇਕ ਕਰਮਚਾਰੀ ਦੀ ਮੌਤ ਹੋ ਚੁਕੀ ਹੈ।
ਕੋਲਕਾਤਾ ਸਥਿਤ ਗਾਰਡਨ ਰੀਚ ਸ਼ਿਪਬਿਲਡਰ ਐਂਡ ਇੰਜੀਨੀਅਰ ਲਿਮਟਿਡ (ਜੀ.ਆਰ.ਐੱਸ.ਈ.ਐੱਲ.) ਦੀ ਸੁਰੱਖਿਆ ਇਕਾਈ 'ਚ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐੱਸ.ਆਈ.) ਝਾਰੂ ਬਰਮਨ (55) ਦੀ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਸੋਮਵਾਰ ਨੂੰ ਮੌਤ ਹੋ ਗਈ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨਾਂ ਨੇ ਦੱਸਿਆ ਕਿ ਬਰਮਨ ਦਾ ਇਕ ਸਥਾਨਕ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਇਸ ਤੋਂ ਪਹਿਲਾਂ ਕੋਲਕਾਤਾ ਸਥਿਤ ਭਾਰਤੀ ਮਿਊਜ਼ੀਅਮ 'ਚ ਤਾਇਨਾਤ ਸੀ.ਆਈ.ਐੱਸ.ਐੱਫ. ਦੇ ਇਕ ਏ.ਐੱਸ.ਆਈ. ਅਤੇ ਮੁੰਬਈ ਕੌਮਾਂਤਰੀ ਹਵਾਈ ਅੱਡੇ 'ਤੇ ਤਾਇਨਾਤ ਹੈੱਡ ਕਾਂਸਟੇਬਲ ਦੀ ਕੋਵਿਡ-19 ਨਾਲ ਮੌਤ ਹੋ ਚੁਕੀ ਹੈ।