ਜਾਣੋ ਕੌਣ ਹੈ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਗੋਲਡੀ ਬਰਾੜ, ਕਿਸ-ਕਿਸ ਮਾਮਲੇ 'ਚ ਹੈ ਲੋੜੀਂਦਾ

Friday, Dec 02, 2022 - 10:19 AM (IST)

ਜਾਣੋ ਕੌਣ ਹੈ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਗੋਲਡੀ ਬਰਾੜ, ਕਿਸ-ਕਿਸ ਮਾਮਲੇ 'ਚ ਹੈ ਲੋੜੀਂਦਾ

ਨਵੀਂ ਦਿੱਲੀ- ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਗੋਲਡੀ ਬਰਾੜ ਨੂੰ ਕੈਲੀਫੋਰਨੀਆ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਖੁਫ਼ੀਆ ਏਜੰਸੀਆਂ ਨੂੰ ਅੰਤਰਰਾਸ਼ਟਰੀ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਗੋਲਡੀ ਬਰਾੜ ਨੂੰ 20 ਨਵੰਬਰ ਜਾਂ ਇਸ ਤੋਂ ਪਹਿਲਾਂ ਕੈਲੀਫੋਰਨੀਆ 'ਚ ਹਿਰਾਸਤ 'ਚ ਲਿਆ ਗਿਆ ਹੈ। ਹਾਲਾਂਕਿ ਕੈਲੀਫੋਰਨੀਆ ਦੇ ਪੱਖ ਤੋਂ ਇਸ ਮਾਮਲੇ 'ਤੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਦੱਸਣਯੋਗ ਹੈ ਕਿ 29 ਮਈ 2022 ਦੀ ਸ਼ਾਮ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਨੇੜੇ ਬੰਦੂਕਧਾਰੀਆਂ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਸੀ। ਮੂਸੇਵਾਲਾ ਦੇ ਕਤਲ ਤੋਂ ਇਕ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਈ ਸੀ। ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ। ਪੰਜਾਬ ਪੁਲਸ ਨੇ ਦਾਅਵਾ ਕੀਤਾ ਸੀ ਕਿ ਗੈਂਗਸਟਰ ਗੋਲਡੀ ਬਰਾੜ ਅਤੇ ਉਨ੍ਹਾਂ ਦੇ ਸਾਥੀ ਇਸ ਕਤਲ ਵਿਚ ਸ਼ਾਮਲ ਹਨ। ਕਤਲ ਦੇ ਕੁਝ ਹੀ ਘੰਟਿਆਂ ਬਾਅਦ ਗੋਲਡੀ ਬਰਾੜ ਨੇ ਫੇਸਬੁੱਕ ਪੋਸਟ ਪਾ ਕੇ ਵਾਰਦਾਤ ਦੀ ਜ਼ਿੰਮਵਾਰੀ ਲਈ ਸੀ। ਉਸ ਨੇ ਲਿਖਿਆ ਸੀ ਕਿ ਮੇਰੇ ਸਾਥੀ ਦੇ ਕਤਲ ਦੇ ਮਾਮਲੇ ’ਚ ਮੂਸੇਵਾਲਾ ਦਾ ਨਾਂ ਆਇਆ ਸੀ ਪਰ ਆਪਣੀ ਪਹੁੰਚ ਦੇ ਚੱਲਦੇ ਉਹ ਬਚ ਗਿਆ ਅਤੇ ਸਰਕਾਰ ਨੇ ਉਸ ਨੂੰ ਸਜ਼ਾ ਨਹੀਂ ਦਿੱਤੀ, ਇਸ ਲਈ ਕਤਲ ਨੂੰ ਅੰਜ਼ਾਮ ਦਿੱਤਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਇੰਡ ਗੋਲਡੀ ਬਰਾੜ ਗ੍ਰਿਫਤਾਰ !

ਕੌਣ ਹੈ ਗੋਲਡੀ ਬਰਾੜ?
ਗੋਲਡੀ ਬਰਾੜ, ਜਿਸ ਦਾ ਅਸਲੀ ਨਾਂ ਸਤਿੰਦਰ ਸਿੰਘ ਹੈ, ਜਿਸ ਨੂੰ ਲਾਰੈਂਸ ਬਿਸ਼ਨੋਈ ਦਾ ਕਰੀਬੀ ਮੰਨਿਆ ਜਾਂਦਾ ਹੈ। ਕੈਨੇਡਾ ਵਿਚ ਸਥਿਤ ਬਰਾੜ ਭਾਰਤ ਵਿਚ ਕਈ ਅਪਰਾਧਿਕ ਮਾਮਲਿਆਂ ’ਚ ਲੋੜੀਂਦਾ ਹੈ ਜਿਵੇਂ ਕਿ 2021 ਵਿਚ ਫਰੀਦਕੋਟ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਸਿੰਘ ਪਹਿਲਵਾਨ ਦਾ ਕਤਲ। ਦਿੱਲੀ ਪੁਲਸ ਨੇ ਪਹਿਲਵਾਨ ਦੇ ਕਤਲ ਦੇ ਮਾਮਲੇ ’ਚ ਬਰਾੜ ਦੇ ਇਕ ਰਿਸ਼ਤੇਦਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਗੋਲਡੀ ਬਰਾੜ ਦਾ ਨਾਂ ਗੁਰੂਗ੍ਰਾਮ ਦੇ ਇਕ ਦੋਹਰੇ ਮਰਡਰ ਕੇਸ (ਪਰਮਜੀਤ ਅਤੇ ਸੁਰਜੀਤ ਨਾਂ ਦੇ ਦੋ ਭਰਾਵਾਂ ਦੇ ਕਤਲ) ’ਚ ਵੀ ਆਇਆ। ਦੱਸਣਯੋਗ ਹੈ ਗੋਲਡੀ ਬਰਾੜ ਨੂੰ ਕੈਲੀਫੋਰਨੀਆ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News