ਜਾਣੋ ਕੌਣ ਹਨ ਜੰਮੂ ''ਚ ''ਆਪ'' ਦਾ ਖਾਤਾ ਖੋਲ੍ਹਣ ਵਾਲੇ ਮਹਿਰਾਜ ਮਲਿਕ
Tuesday, Oct 08, 2024 - 05:23 PM (IST)
ਡੋਡਾ- ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਲਗਭਗ ਆ ਚੁੱਕੇ ਹਨ। ਜੰਮੂ ਕਸ਼ਮੀਰ 'ਚ ਨੈਸ਼ਨਲ ਕਾਨਫਰੰਸ-ਕਾਂਗਰਸ ਗਠਜੋੜ ਬਹੁਮਤ ਹਾਸਲ ਕਰਦਾ ਨਜ਼ਰ ਆ ਰਿਹਾ ਹੈ। ਇਸ ਵਿਚ ਜੰਮੂ ਕਸ਼ਮੀਰ 'ਚ ਆਮ ਆਦਮੀ ਪਾਰਟੀ ਨੇ ਆਪਣਾ ਖਾਤਾ ਖੋਲ੍ਹ ਦਿੱਤਾ ਹੈ। ਪਾਰਟੀ ਦੇ 36 ਸਾਲਾ ਉਮੀਦਵਾਰ ਮਹਿਰਾਜ ਮਲਿਕ ਨੇ ਡੋਡਾ ਚੋਣ ਖੇਤਰ 'ਚ ਭਾਜਪਾ ਨੇ ਆਪਣੇ ਮੁਕਾਬਲੇਬਾਜ਼ ਨੂੰ 4538 ਤੋਂ ਵੱਧ ਵੋਟਾਂ ਦੇ ਅੰਤਰ ਨਾਲ ਹਰਾਇਆ। 10 ਸਾਲ ਪਹਿਲੇ 2014 'ਚ ਇਸ ਸੀਟ 'ਤੇ ਭਾਜਪਾ ਦਾ ਕਬਜ਼ਾ ਸੀ। ਉੱਥੇ ਹੀ ਇਸ ਤੋਂ ਪਹਿਲਾਂ ਇਹ ਸੀਟ ਕਾਂਗਰਸ ਕੋਲ ਸੀ। ਜ਼ਿਲ੍ਹਾ ਵਿਕਾਸ ਪ੍ਰੀਸ਼ਦ (ਡੀਡੀਸੀ) ਦੇ ਮੈਂਬਰ ਮਹਿਰਾਜ ਮਲਿਕ ਨੂੰ ਆਮ ਆਦਮੀ ਪਾਰਟੀ ਨੇ ਡੋਡਾ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਸੀ। ਚੋਣ ਲੜਦੇ ਹੋਏ ਉਨ੍ਹਾਂ ਇੱਥੋਂ 23,228 ਵੋਟ ਹਾਸਲ ਕੀਤੇ, ਜਦੋਂ ਕਿ ਭਾਜਪਾ ਨੇ ਗਜਯ ਸਿੰਘ ਰਾਣਾ ਨੂੰ ਸਿਰਫ਼ 18,690 ਵੋਟ ਮਿਲੇ।
ਇਹ ਵੀ ਪੜ੍ਹੋ : ਜੰਮੂ 'ਚ 'ਆਪ' ਨੇ ਖੋਲ੍ਹਿਆ ਖਾਤਾ, CM ਮਾਨ ਨੇ ਦਿੱਤੀਆਂ ਵਧਾਈਆਂ
ਮਲਿਕ ਨੇ ਇਸ ਸਾਲ ਦੀ ਸ਼ੁਰੂਆਤ 'ਚ ਊਧਮਪੁਰ ਚੋਣ ਖੇਤਰ ਤੋਂ ਲੋਕ ਸਭਾ ਚੋਣ ਵੀ ਲੜੀ ਸੀ ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੇ 90 ਵਿਧਾਨ ਸਭਾ ਖੇਤਰਾਂ 'ਚੋਂ ਸਿਰਫ਼ 7 ਸੀਟਾਂ 'ਤੇ ਉਮੀਦਵਾਰ ਮੈਦਾਨ 'ਚ ਉਤਾਰੇ ਸਨ। ਦਿੱਲੀ ਅਤੇ ਪੰਜਾਬ 'ਚ ਸੱਤਾ 'ਚ ਕਾਬਿਜ਼ ਆਮ ਆਦਮੀ ਪਾਰਟੀ ਨੂੰ ਪਿਛਲੇ ਸਾਲ ਦਸੰਬਰ 'ਚ ਰਾਸ਼ਟਰੀ ਪਾਰਟੀ ਦਾ ਦਰਜਾ ਦਿੱਤਾ ਗਿਆ ਸੀ। ਗੁਜਰਾਤ ਅਤੇ ਗੋਆ 'ਚ ਵੀ ਇਸ ਦੇ ਵਿਧਾਇਕ ਹਨ ਅਤੇ ਹੁਣ ਜੰਮੂ 'ਚ ਵੀ ਪਾਰਟੀ ਦਾ ਇਕ ਵਿਧਾਇਕ ਬਣ ਗਿਆ ਹੈ। ਮਹਿਰਾਜ ਮਲਿਕ ਡੋਡਾ ਖੇਤਰ ਦੇ ਲੋਕਪ੍ਰਿਯ ਨੇਤਾਵਾਂ 'ਚ ਸ਼ਾਮਲ ਹਨ। ਉਨ੍ਹਾਂ ਨੇ ਲੋਕਾਂ ਵਿਚ ਜਾ ਕੇ ਕੁਝ ਸਾਲਾਂ 'ਚ ਹੀ ਆਪਣਾ ਮਜ਼ਬੂਤ ਜਨਾਧਾਰ ਬਣਾਇਆ। ਸਾਲ 2021 'ਚ ਉਨ੍ਹਾਂ ਨੇ ਡੀਡੀਸੀ ਦੀ ਚੋਣ ਜਿੱਤੀ ਸੀ। ਮਲਿਕ ਪਹਿਲੀ ਵਾਰ ਸੁਰਖੀਆਂ 'ਚ ਬਣੇ ਸਨ, ਜਦੋਂ ਉਨ੍ਹਾਂ ਨੇ ਡੋਡਾ ਖੇਤਰ 'ਚ ਮਾਰਚ 2022 ਨੂੰ ਇਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਸੀ। ਸਮੇਂ-ਸਮੇਂ 'ਤੇ ਉਹ ਸਥਾਨਕ ਪ੍ਰਸ਼ਾਸਨ ਦੀ ਕਾਰਜਸ਼ੈਲੀ 'ਤੇ ਸਵਾਲ ਚੁੱਕਦੇ ਹੋਏ ਪ੍ਰਦਰਸ਼ਨ ਵੀ ਕਰਦੇ ਨਜ਼ਰ ਆਉਂਦੇ ਸਨ। ਉਨ੍ਹਾਂ ਨੇ ਆਪਣੇ ਸਹੁੰ ਪੱਤਰ 'ਚ 29 ਹਜ਼ਾਰ ਰੁਪਏ ਦੀ ਜਾਇਦਾਦ ਅਤੇ 2 ਲੱਖ ਰੁਪਏ ਦੀ ਦੇਣਦਾਰੀ ਦਾ ਐਲਾਨ ਕੀਤਾ ਹੈ। ਪੜ੍ਹਾਈ ਦੀ ਗੱਲ ਕਰੀਏ ਤਾਂ ਮਲਿਕ ਪੋਸਟ ਗਰੈਜੂਏਟ ਹਨ। ਉਨ੍ਹਾਂ 'ਤੇ ਕੁਝ ਅਪਰਾਧਕ ਮਾਮਲੇ ਵੀ ਦਰਜ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8