ਬੁੱਲ੍ਹਾਂ ਨੂੰ ਚੁੰਮਣਾ ਅਤੇ ਪਿਆਰ ਨਾਲ ਛੂਹਣਾ ਗੈਰ-ਕੁਦਰਤੀ ਅਪਰਾਧ ਨਹੀਂ : ਹਾਈ ਕੋਰਟ

Monday, May 16, 2022 - 09:40 AM (IST)

ਮੁੰਬਈ (ਭਾਸ਼ਾ)– ਬੰਬਈ ਹਾਈ ਕੋਰਟ ਨੇ ਕਿਹਾ ਹੈ ਕਿ ਬੁੱਲ੍ਹਾਂ ਨੂੰ ਚੁੰਮਣਾ ਅਤੇ ਪਿਆਰ ਨਾਲ ਕਿਸੇ ਨੂੰ ਛੂਹਣਾ ਆਈ.ਪੀ.ਸੀ. ਦੀ ਧਾਰਾ 377 ਅਧੀਨ ਗੈਰ-ਕੁਦਰਤੀ ਅਪਰਾਧ ਨਹੀਂ ਹੈ। ਇਸ ਦੇ ਨਾਲ ਹੀ ਹਾਈ ਕੋਰਟ ਨੇ ਇਕ ਨਾਬਾਲਗ ਮੁੰਡੇ ਨਾਲ ਕਥਿਤ ਸੈਕਸ ਸ਼ੋਸ਼ਣ ਦੇ ਮੁਲਜ਼ਮ ਵਿਅਕਤੀ ਨੂੰ ਜ਼ਮਾਨਤ ਦੇ ਦਿੱਤੀ। ਮਾਣਯੋਗ ਜੱਜ ਅਨੁਜਾ ਨੇ ਉਕਤ ਵਿਅਕਤੀ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਦਾ ਹੁਕਮ ਦਿੱਤਾ। ਉਸ ਵਿਅਕਤੀ ਨੂੰ 14 ਸਾਲ ਦੇ ਇਕ ਮੁੰਡੇ ਦੇ ਪਿਤਾ ਦੀ ਸ਼ਿਕਾਇਤ ਪਿੱਛੋਂ ਪਿਛਲੇ ਸਾਲ ਗ੍ਰਿਫਤਾਰ ਕੀਤਾ ਗਿਆ ਸੀ। ਮੁੰਡੇ ਦੇ ਪਿਤਾ ਨੇ ਦੇਖਿਆ ਕਿ ਉਸ ਦੀ ਅਲਮਾਰੀ ’ਚੋਂ ਪੈਸੇ ਗਾਇਬ ਹਨ। ਮੁੰਡੇ ਨੇ ਦੱਸਿਆ ਕਿ ਉਸ ਨੇ ਇਹ ਪੈਸੇ ਉਕਤ ਵਿਅਕਤੀ ਨੂੰ ਦਿੱਤੇ ਹਨ। ਮੁੰਡੇ ਨੇ ਕਿਹਾ ਕਿ ਉਹ ਆਨਲਾਈਨ ਗੇਮ ‘ਓਲਾ ਪਾਰਟੀ’ ਦਾ ਰੀਚਾਰਜ ਕਰਵਾਉਣ ਲਈ ਮੁੰਬਈ ’ਚ ਉਕਤ ਮੁਲਜ਼ਮ ਦੀ ਦੁਕਾਨ ’ਤੇ ਜਾਂਦਾ ਸੀ।

ਮੁੰਡੇ ਦਾ ਦੋਸ਼ ਹੈ ਕਿ ਇਕ ਦਿਨ ਜਦੋਂ ਉਹ ਰੀਚਾਰਜ ਕਰਵਾਉਣ ਲਈ ਗਿਆ ਤਾਂ ਮੁਲਜ਼ਮ ਨੇ ਉਸ ਦੇ ਬੁੱਲ੍ਹਾਂ ਨੂੰ ਛੂਹਿਆ ਅਤੇ ਉਸ ਦੇ ਪ੍ਰਾਈਵੇਟ ਪਾਰਟ ਨੂੰ ਵੀ ਛੂਹਿਆ। ਇਸ ਪਿੱਛੋਂ ਮੁੰਡੇ ਦੇ ਪਿਤਾ ਨੇ ਪੁਲਸ ਕੋਲ ਮੁਲਜ਼ਮ ਵਿਰੁੱਧ ਬਾਲ ਸੈਕਸ ਅਪਰਾਧ ਸੁਰੱਖਿਆ (ਪਾਕਸੋ) ਕਾਨੂੰਨ ਦੀਆਂ ਧਾਰਾਵਾਂ ਅਤੇ ਆਈ.ਪੀ.ਸੀ. ਦੀ ਧਾਰਾ 377 ਅਧੀਨ ਐੱਫ.ਆਈ.ਆਰ. ਦਰਜ ਕਰਵਾਈ।

ਮਾਣਯੋਗ ਜੱਜ ਨੇ ਮੁਲਜ਼ਮ ਨੂੰ ਜ਼ਮਾਨਤ ਦਿੱਤੇ ਹੋਏ ਕਿਹਾ ਕਿ ਮੁੰਡੇ ਦੀ ਮੈਡੀਕਲ ਜਾਂਚ ਦੌਰਾਨ ਸੈਕਸ ਸ਼ੋਸ਼ਣ ਦੇ ਉਸ ਦੇ ਦੋਸ਼ ਸਾਬਤ ਨਹੀਂ ਹੋਏ। ਮੁਲਜ਼ਮ ਵਿਰੁੱਧ ਲਾਈਆਂ ਧਾਰਾਵਾਂ ਅਧੀਨ ਵੱਧ ਤੋਂ ਵੱਧ 5 ਸਾਲ ਕੈਦ ਹੋ ਸਕਦੀ ਹੈ ਅਤੇ ਜ਼ਮਾਨਤ ਮਿਲ ਸਕਦੀ ਹੈ। ਮੌਜੂਦਾ ਮਾਮਲੇ ’ਚ ਗੈਰ-ਕੁਦਰਤੀ ਸੈਕਸ ਸੰਬੰਧ ਦੀ ਗੱਲ ਵੀ ਸਾਬਤ ਨਹੀਂ ਹੋਈ। ਮੁਲਜ਼ਮ ਪਹਿਲਾਂ ਹੀ ਇਕ ਸਾਲ ਤਕ ਜੇਲ ’ਚ ਰਹਿ ਚੁੱਕਾ ਹੈ ਅਤੇ ਹੁਣ ਜ਼ਮਾਨਤ ਦਾ ਹੱਕਦਾਰ ਹੈ। ਉਨ੍ਹਾਂ ਉਸ ਨੂੰ 30 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ’ਤੇ ਜ਼ਮਾਨਤ ਦੇ ਦਿੱਤੀ।


Tanu

Content Editor

Related News