ਕਿਰਨ ਬੇਦੀ ਨੇ ਉੱਤਰ ਪ੍ਰਦੇਸ਼ ਪੁਲਸ ਦੀ ਕੀਤੀ ਸ਼ਲਾਘਾ
Thursday, Nov 28, 2019 - 05:47 PM (IST)

ਲਖਨਊ (ਭਾਸ਼ਾ)— ਪੁਡੂਚੇਰੀ ਦੀ ਉੱਪ ਰਾਜਪਾਲ ਅਤੇ ਸੇਵਾ ਮੁਕਤ ਆਈ. ਪੀ. ਐੱਸ. ਅਧਿਕਾਰੀ ਕਿਰਨ ਬੇਦੀ ਨੇ ਅਯੁੱਧਿਆ ਕੇਸ 'ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸ਼ਾਂਤੀ ਵਿਵਸਥਾ ਨੂੰ ਬਣਾ ਕੇ ਰੱਖਣ ਅਤੇ ਕੁੰਭ ਦੌਰਾਨ ਕੀਤੇ ਗਏ ਸੁਰੱਖਿਆ ਇੰਤਜ਼ਾਮ ਨੂੰ ਲੈ ਕੇ ਉੱਤਰ ਪ੍ਰਦੇਸ਼ ਪੁਲਸ ਦੀ ਸ਼ਲਾਘਾ ਕੀਤੀ। ਬੇਦੀ ਨੇ ਇੱਥੇ ਦੋ ਦਿਨਾਂ ਅਖਿਲ ਭਾਰਤੀ ਪੁਲਸ ਵਿਗਿਆਨ ਕਾਂਗਰਸ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁੰਭ ਦੌਰਾਨ ਜੋ ਵਿਵਸਥਾ ਰਹੀ ਅਤੇ ਅਯੁੱਧਿਆ ਕੇਸ 'ਤੇ ਫੈਸਲੇ ਤੋਂ ਬਾਅਦ ਜੋ ਸੁਰੱਖਿਆ ਇੰਤਜ਼ਾਮ ਰਹੇ, ਉਨ੍ਹਾਂ ਨੂੰ ਲੈ ਕੇ ਉੱਤਰ ਪ੍ਰਦੇਸ਼ ਪੁਲਸ ਸ਼ਲਾਘਾ ਦੀ ਹੱਕਦਾਰ ਹੈ। ਆਮ ਲੋਕਾਂ ਅਤੇ ਮੀਡੀਆ ਨੇ ਬਹੁਤ ਹੀ ਸੋਚ-ਸਮਝ ਕੇ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਪੁਲਸ ਅਤੇ ਜਨਤਾ ਵਿਚਾਲੇ ਸਕਾਰਾਤਮਕ ਸੰਬੰਧ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੀਆਂ ਉਪਲੱਬਧੀਆਂ ਦੀ ਚਰਚਾ ਕੀਤੀ, ਜਿਨ੍ਹਾਂ ਨੂੰ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ 'ਤੇ ਮਾਨਤਾ ਮਿਲੀ ਹੈ।
ਭਾਰਤੀ ਪੁਲਸ ਵਿਗਿਆਨ ਕਾਂਗਰਸ ਦੇ ਵੱਖ-ਵੱਖ ਸੈਸ਼ਨਾਂ 'ਚ ਪੁਲਸ ਅਧਿਕਾਰੀ, ਖੋਜਕਰਤਾ ਅਤੇ ਹੋਰ ਲੋਕ ਆਪਣੇ ਪੇਪਰ ਪੇਸ਼ ਕਰਨਗੇ। ਇਸ ਤੋਂ ਪਹਿਲਾਂ ਲਖਨਊ 'ਚ ਇਸ ਕਾਂਗਰਸ ਦਾ ਆਯੋਜਨ 1997 'ਚ ਹੋਇਆ ਸੀ। ਪੁਲਸ ਜਨਰਲ ਡਾਇਰੈਕਟਰ ਓ. ਪੀ. ਸਿੰਘ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਅਤੇ ਪੁਲਸ ਖੋਜ ਤੇ ਵਿਕਾਸ ਬਿਊਰੋ ਮਿਲ ਕੇ ਇਸ ਕਾਂਗਰਸ ਦਾ ਆਯੋਜਨ ਕਰ ਰਹੇ ਹਨ। ਇੱਥੇ ਦੱਸ ਦੇਈਏ ਕਿ ਬੇਦੀ ਬੁੱਧਵਾਰ ਨੂੰ ਹੀ ਇੱਥੇ ਆ ਗਈ ਸੀ। ਉਨ੍ਹਾਂ ਨੇ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਨਾਲ ਮੁਲਾਕਾਤ ਕੀਤੀ।