ਕਿਰਨ ਬੇਦੀ ਨੂੰ ਪੁੱਡੂਚੇਰੀ ਦੇ ਉਪ ਰਾਜਪਾਲ ਦੇ ਅਹੁਦੇ ਤੋਂ ਹਟਾਇਆ
Tuesday, Feb 16, 2021 - 10:35 PM (IST)

ਪੁੱਡੂਚੇਰੀ/ਨਵੀਂ ਦਿੱਲੀ (ਏਜੰਸੀਆਂ)- ਕਾਂਗਰਸ ਦੇ ਸੀਨੀ. ਨੇਤਾ ਰਾਹੁਲ ਗਾਂਧੀ ਦੀ ਪੁੱਡੂਚੇਰੀ ’ਚ ਵਿਧਾਨ ਸਭਾ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਨ ਆਉਣ ਤੋਂ ਇਕ ਦਿਨ ਪਹਿਲਾਂ ਮੰਗਲਵਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਵੱਡਾ ਰਾਜਨੀਤਕ ਉਲਟਫੇਰ ਹੋ ਗਿਆ। ਕਾਮਰਾਜ ਨਗਰ ਦੇ ਵਿਧਾਇਕ ਜਾਨ ਕੁਮਾਰ ਦੇ ਅਸਤੀਫਾ ਦੇਣ ਤੋਂ ਬਾਅਦ ਰਾਜ ਦੀ ਵੀ. ਨਾਰਾਇਣਸਾਮੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਘੱਟ ਗਿਣਤੀ ’ਚ ਆ ਗਈ ਹੈ। ਦੂਜੇ ਪਾਸੇ, ਪੁੱਡੂਚੇਰੀ ’ਚ ਕਾਂਗਰਸ ਸਰਕਾਰ ’ਤੇ ਜਾਰੀ ਸੰਕਟ ਦਰਮਿਆਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੰਗਲਵਾਰ ਨੂੰ ਹੀ ਉਪਰਾਜਪਾਲ ਕਿਰਨ ਬੇਦੀ ਨੂੰ ਆਹੁਦੇ ਤੋਂ ਹਟਾ ਦਿੱਤਾ। ਰਾਸ਼ਟਰਪਤੀ ਭਵਨ ਵਲੋਂ ਜਾਰੀ ਬਿਆਨ ਅਨੁਸਾਰ, ਨਵੀਂ ਨਿਯੁਕਤੀ ਹੋਣ ਤੱਕ ਤੇਲੰਗਾਨਾ ਦੀ ਰਾਜਪਾਲ ਤਾਮਿਲਿਸਾਈ ਸੌਂਦਰਿਆਰਾਜਨ ਪੁੱਡੂਚੇਰੀ ਦੇ ਉਪਰਾਜਪਾਲ ਦੀ ਜ਼ਿੰਮੇਵਾਰੀ ਸੰਭਾਲੇਗੀ।
ਇਹ ਖ਼ਬਰ ਵੀ ਪੜ੍ਹੋ- ਇੰਗਲੈਂਡ ਦੀ ‘ਬੀ’ ਟੀਮ ਨੂੰ ਹਰਾਉਣ ਲਈ ਭਾਰਤ ਨੂੰ ਵਧਾਈ : ਪੀਟਰਸਨ
ਜਾਨ ਕੁਮਾਰ ਨੇ ਵਿਧਾਨ ਸਭਾ ਸਪੀਕਰ ਵੀ. ਸ਼ਿਵਾਕੋਲੁੰਤੁ ਨੂੰ ਆਪਣਾ ਅਸਤੀਫਾ ਸੌਪਿਆ। ਸਪੀਕਰ ਨੇ ਅਸਤੀਫਾ ਸਵੀਕਾਰ ਕਰ ਲਿਆ ਹੈ। ਜਾਨ ਕੁਮਾਰ ਦੇ ਅਸਤੀਫੇ ਤੋਂ ਬਾਅਦ ਮੁੱਖ ਮੰਤਰੀ ਕੋਲ ਹੁਣ ਅਸਤੀਫਾ ਦੇਣ ਤੋਂ ਇਲਾਵਾ ਕੋਈ ਬਦਲ ਨਹੀਂ ਹੈ। ਪੁੱਡੂਚੇਰੀ ਦੀ 33 ਮੈਂਬਰੀ ਵਿਧਾਨ ਸਭਾ ’ਚ ਕਾਂਗਰਸ ਦੀ ਅਗਵਾਈ ਵਾਲੇ ਗਠਜੋੜ ਦੇ ਹੁਣ 14 ਵਿਧਾਇਕ ਰਹਿ ਗਏ ਹਨ। ਸਦਨ ’ਚ ਵਿਰੋਧੀ ਪਾਰਟੀਆਂ ਦੇ ਮੈਬਰਾਂ ਦੀ ਗਿਣਤੀ ਵੀ 14 ਹੈ। ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ ਵਿਰੋਧੀ ਪਾਰਟੀਆਂ ਅੰਨਾ ਡੀ. ਐੱਮ. ਕੇ. ਅਤੇ ਭਾਜਪਾ ਨੇ ਮੁੱਖ ਮੰਤਰੀ ਵੀ. ਨਾਰਾਇਣਸਾਮੀ ਤੋਂ ਅਸਤੀਫਾ ਮੰਗਦੇ ਹੋਏ ਕਿਹਾ ਕਿ ਸਰਕਾਰ ਘੱਟ ਗਿਣਤੀ ’ਚ ਹੈ।
ਕਾਂਗਰਸ ਤੋਂ ਵਿਧਾਇਕਾਂ ਦੇ ਅਸਤੀਫਿਆਂ ਦੀ ਸ਼ੁਰੂਆਤ ਬੀਤੇ ਮਹੀਨੇ ਮੰਤਰੀ ਏ. ਨਮਾਸਿਸਵਿਯਮ ਤੇ ਈ. ਥੀਪੈਨਜਾਨ ਤੋਂ ਸ਼ੁਰੂ ਹੋਈ। ਬਾਅਦ ’ਚ ਦੋਵੇਂ ਭਾਜਪਾ ’ਚ ਸ਼ਾਮਲ ਹੋ ਗਏ। ਪਿਛਲੇ ਸਾਲ ਜੁਲਾਈ ’ਚ ਐੱਨ. ਧਾਨਵੇਲੁ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੀ ਵਜ੍ਹਾ ਨਾਲ ਅਯੋਗ ਕਰਾਰ ਦਿੱਤਾ ਗਿਆ ਸੀ। ਸੂਤਰਾਂ ਮੁਤਾਬਕ ਜਾਨ ਕੁਮਾਰ ਵੀ ਭਾਜਪਾ ’ਚ ਸ਼ਾਮਲ ਹੋ ਸੱਕਦੇ ਹਨ। ਇਸ ਤੋਂ ਪਹਿਲਾਂ, ਇਕ ਦਿਨ ਪਹਿਲਾਂ ਸੋਮਵਾਰ ਨੂੰ ਯਾਨਮ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਮੱਲਾਡਿ ਕ੍ਰਿਸ਼ਣਾਰਾਵ ਨੇ ਆਪਣਾ ਅਸਤੀਫਾ ਦੇ ਦਿੱਤਾ ਸੀ। ਮੱਲਾਡਿ ਕ੍ਰਿਸ਼ਣਾਰਾਵ ਨੇ ਈ-ਮੇਲ ਰਾਹੀਂ ਆਪਣਾ ਅਸਤੀਫਾ ਭੇਜਿਆ ਸੀ।
ਵਿਧਾਨ ਸਭਾ ਸਪੀਕਰ ਨੇ ਕ੍ਰਿਸ਼ਣਾਰਾਵ ਨੂੰ ਵੀਡੀਓ ਕਾਲ ਕਰ ਕੇ ਆਪਣੇ ਅਸਤੀਫੇ ਦੀ ਪੁਸ਼ਟੀ ਕਰਨ ਅਤੇ ਅਸਤੀਫੇ ਦੀ ਅਸਲ ਕਾਪੀ ਭੇਜਣ ਲਈ ਕਿਹਾ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਅਸਲ ਕਾਪੀ ਪ੍ਰਾਪਤ ਹੋਣ ਦੇ ਨਾਲ ਹੀ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਵੇਗਾ।
ਪੁੱਡੂਚੇਰੀ ਵਿਧਾਨ ਸਭਾ ’ਚ ਸੀਟਾਂ ਦਾ ਸਮੀਕਰਣ
30 ਮੈਂਬਰੀ ਵਿਧਾਨ ਸਭਾ ’ਚ ਕਾਂਗਰਸ ਨੇ 2016 ਦੀਆਂ ਵਿਧਾਨ ਸਭਾ ਚੋਣਾਂ ’ਚ 15 ਸੀਟਾਂ ਜਿੱਤੀਆਂ ਸਨ। ਕਾਂਗਰਸ ਨੂੰ 3 ਡੀ. ਐੱਮ. ਕੇ. ਅਤੇ 1 ਆਜ਼ਾਦ ਵਿਧਾਇਕ ਦਾ ਸਮਰਥਨ ਮਿਲਿਆ ਸੀ ਪਰ ਹੁਣ ਸਦਨ ’ਚ ਕਾਂਗਰਸੀ ਵਿਧਾਇਕਾਂ ਦੀ ਗਿਣਤੀ 10 ਰਹਿ ਗਈ ਹੈ। 4 ਵਿਧਾਇਕ ਅਸਤੀਫਾ ਦੇ ਚੁੱਕੇ ਹਨ ਜਦੋਂ ਕਿ 1 ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਰਹਿਣ ਕਾਰਨ ਕੱਢਿਆ ਜਾ ਚੁੱਕਿਆ ਹੈ। ਉਥੇ ਹੀ, 2016 ਦੀਆਂ ਵਿਧਾਨ ਸਭਾ ਚੋਣਾਂ ’ਚ ਏ. ਆਈ. ਐੱਨ. ਆਰ. ਸੀ. ਨੂੰ 7 ਸੀਟਾਂ, ਜਦੋਂ ਕਿ ਅੰਨਾ ਡੀ. ਐੱਮ. ਕੇ. ਨੂੰ 4 ਸੀਟਾਂ ਮਿਲੀਆਂ ਸਨ। ਸਦਨ ’ਚ ਭਾਜਪਾ ਦੇ 3 ਨਾਮਜ਼ਦ ਮੈਂਬਰ ਹਨ।
ਮੁੱਖ ਮੰਤਰੀ ਨਾਰਾਇਣਸਾਮੀ ਬੋਲੇ-ਅਸੀਂ ਬਹੁਮਤ ਸਾਬਤ ਕਰਾਂਗੇ
ਪੁੱਡੂਚੇਰੀ ਦੇ ਮੁੱਖ ਮੰਤਰੀ ਨਾਰਾਇਣਸਾਮੀ ਦਾ ਕਹਿਣਾ ਹੈ ਕਿ ਅਸੀਂ ਬਹੁਮਤ ਸਾਬਤ ਕਰਾਂਗੇ। ਇਸ ਸਬੰਧ ’ਚ ਸਮਾਜ ਕਲਿਆਣ ਮੰਤਰੀ ਕੰਠਾਸਾਮੀ ਨੇ ਕਿਹਾ ਕਿ ਕਾਂਗਰਸ-ਡੀ. ਐੱਮ. ਕੇ. ਗਠਜੋੜ ਸਰਕਾਰ ਲਈ ਕੋਈ ਖਤਰਾ ਨਹੀਂ ਹੈ। ਹਾਲਾਂਕਿ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਹੋਣ ਵਾਲਾ ਹੈ ਇਸ ਲਈ ਸੀ. ਐੱਮ. ਨਾਰਾਇਣਸਾਮੀ ਨੇ ਸਰਕਾਰ ਭੰਗ ਕਰਨ ਲਈ ਕੈਬਨਿਟ ਦੀ ਬੈਠਕ ਬੁਲਾਈ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।