ਰੇਲ ਮੰਤਰਾਲਾ ਦੀ ਹੈਰਾਨ ਕਰਦੀ ਰਿਪੋਰਟ, ਕੁੜੀਆਂ ਤੋਂ 5 ਗੁਣਾ ਜ਼ਿਆਦਾ ਮੁੰਡੇ ਹੋ ਰਹੇ ਅਗਵਾ
Monday, Jan 02, 2023 - 04:12 PM (IST)
ਨਵੀਂ ਦਿੱਲੀ- ਅਕਸਰ ਇਹ ਆਮ ਧਾਰਨਾ ਹੈ ਕਿ ਕੁੜੀਆਂ ਨੂੰ ਅਗਵਾ ਕੀਤਾ ਜਾਂਦਾ ਹੈ ਪਰ ਰੇਲ ਮੰਤਰਾਲਾ ਦੀ ਰਿਪੋਰਟ ਦੱਸਦੀ ਹੈ ਕਿ ਕੁੜੀਆਂ ਦੀ ਤੁਲਨਾ 'ਚ ਮੁੰਡੇ ਅਗਵਾ ਹੋ ਰਹੇ ਹਨ। ਦੇਹ ਵਪਾਰ, ਅੰਗ ਟ੍ਰਾਂਸਪਲਾਂਟ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਜ਼ਬਰਨ ਮਜ਼ਦੂਰੀ ਅਤੇ ਘਰੇਲੂ ਕੰਮ ਕਰਾਉਣ ਲਈ ਹਰੇਕ ਸਾਲ ਵੱਡੀ ਗਿਣਤੀ ਵਿਚ ਬੱਚਿਆਂ ਨੂੰ ਚੁੱਕਿਆ ਜਾਂਦਾ ਹੈ। ਕੁੜੀਆਂ ਦੀ ਤੁਲਨਾ 'ਚ ਮੁੰਡਿਆਂ ਨੂੰ ਅਗਵਾ ਕੀਤੇ ਜਾਣ ਦਾ ਅੰਕੜਾ 5 ਗੁਣਾ ਜ਼ਿਆਦਾ ਹੈ।
ਰੇਲਵੇ ਦੀ ਜਾਇਦਾਦ ਅਤੇ ਯਾਤਰੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਰੇਲਵੇ ਪ੍ਰੋਟੈਕਸ਼ਨ ਫੋਰਸ (RPF) ਦੀ ਹੈ। ਰੇਲਵੇ ਨੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ 7 ਸਾਲ ਪਹਿਲਾਂ ਸਫ਼ਰ ਦੌਰਾਨ ਮੁਸੀਬਤ 'ਚ ਫਸੇ ਬੱਚਿਆਂ ਦੀ ਬਿਹਤਰ ਦੇਖਭਾਲ ਅਤੇ ਸੁਰੱਖਿਆ ਲਈ ਇਕ ਮਿਆਰੀ ਸੰਚਾਲਨ ਪ੍ਰਕਿਰਿਆ (SOP) ਜਾਰੀ ਕੀਤਾ ਸੀ।
RPF ਨੇ 2719 ਬੱਚਿਆਂ ਨੂੰ ਮਨੁੱਖੀ ਤਸਕਰਾਂ ਤੋਂ ਬਚਾਇਆ
ਕਾਨੂੰਨ ਦੀ ਨਜ਼ਰ 'ਚ ਮਨੁੱਖੀ ਤਸਕਰੀ ਸੰਗਠਿਤ ਅਪਰਾਧ ਦੀ ਸ਼੍ਰੇਣੀ 'ਚ ਆਉਂਦਾ ਹੈ। ਅਜਿਹੇ 'ਚ ਬਚਪਨ ਨੂੰ ਬਚਾਉਣ ਦੀ ਜ਼ਿੰਮੇਵਾਰੀ ਦੇ ਤਹਿਤ ਦੇਸ਼ ਦੇ 150 ਰੇਲਵੇ ਸਟੇਸ਼ਨਾਂ 'ਤੇ ਚਾਈਲਡ ਹੈਲਪ ਡੈਸਕ ਦੀ ਵਿਵਸਥਾ ਕੀਤੀ ਗਈ ਹੈ। ਪਿਛਲੇ 6 ਸਾਲਾਂ ਦੌਰਾਨ RPF ਨੇ 2719 ਬੱਚਿਆਂ ਨੂੰ ਮਨੁੱਖੀ ਤਸਕਰਾਂ ਦੇ ਚੁੰਗਲ ਵਿਚੋਂ ਛੁਡਵਾਇਆ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਬੱਚੇ ਬੰਗਾਲ, ਬਿਹਾਰ, ਪੂਰਬੀ ਸੂਬਿਆਂ, ਯੂ.ਪੀ. ਅਤੇ ਝਾਰਖੰਡ ਦੇ ਹਨ।
'ਆਪ੍ਰੇਸ਼ਨ ਆਹਤ' ਤੋਂ ਬਚੀ ਬੱਚਿਆਂ ਦੀ ਜ਼ਿੰਦਗੀ
RPF ਦੀ ਮਨੁੱਖੀ ਤਸਕਰੀ ਰੋਕੂ ਯੂਨਿਟ ਨੇ ਇਸ ਸਾਲ ਅਗਵਾ ਕੀਤੇ ਬੱਚਿਆਂ ਨੂੰ ਛੁਡਾਉਣ ਲਈ ਵਿਸ਼ੇਸ਼ ਮੁਹਿੰਮ 'ਆਪ੍ਰੇਸ਼ਨ ਆਹਤ' ਚਲਾ ਕੇ ਨਵੰਬਰ ਤੱਕ ਵੱਖ-ਵੱਖ ਰੇਲਵੇ ਸਟੇਸ਼ਨਾਂ ਤੋਂ 541 ਬੱਚਿਆਂ ਨੂੰ ਤਸਕਰਾਂ ਤੋਂ ਛੁਡਵਾਇਆ ਹੈ। ਇਨ੍ਹਾਂ 'ਚੋਂ 418 ਮੁੰਡੇ ਹਨ, ਜਦੋਂ ਕਿ ਕੁੜੀਆਂ ਦੀ ਗਿਣਤੀ ਸਿਰਫ਼ 80 ਹੈ। RPF ਦੀ ਮਨੁੱਖੀ ਤਸਕਰੀ ਵਿਰੋਧੀ ਇਕਾਈ ਦੇਸ਼ ਭਰ ਦੇ ਲਗਭਗ 750 ਰੇਲਵੇ ਸਟੇਸ਼ਨਾਂ 'ਤੇ ਕੰਮ ਕਰ ਰਹੀ ਹੈ, ਜੋ ਸਮਾਜਿਕ ਸੰਸਥਾਵਾਂ ਅਤੇ ਵੱਖ-ਵੱਖ ਏਜੰਸੀਆਂ ਨਾਲ ਮਿਲ ਕੇ ਕੰਮ ਕਰਦੀ ਹੈ।
ਤਸਕਰਾਂ ਦੇ ਚੁੰਗਲ 'ਚੋਂ ਛੁਡਾਏ ਗਏ ਬੱਚਿਆਂ ਦੀ ਉਮਰ 18 ਸਾਲ
RPF ਦੀ ਇਸ ਮੁਹਿੰਮ 'ਚ ਤਸਕਰਾਂ ਦੇ ਹੱਥੋਂ ਛੁਡਾਏ ਗਏ ਬੱਚਿਆਂ 'ਚੋਂ 498 ਬੱਚੇ 18 ਸਾਲ ਤੋਂ ਘੱਟ ਉਮਰ ਦੇ ਹਨ। ਬਾਕੀ 43 ਬਾਲਗ ਹਨ, ਜਿਨ੍ਹਾਂ ਦੀ ਉਮਰ 19 ਤੋਂ 22 ਸਾਲ ਦੇ ਵਿਚਕਾਰ ਹੈ। RPF ਨੇ ਆਪਣੀ ਕਾਰਵਾਈ 'ਚ 186 ਤਸਕਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਮਨੁੱਖੀ ਤਸਕਰੀ ਦੇ ਇਹ ਅੰਕੜੇ ਹੈਰਾਨ ਕਰਨ ਵਾਲੇ ਹਨ। ਹੋਰ ਕਾਰਨਾਂ ਕਰਕੇ ਆਪਣੇ ਪਰਿਵਾਰਾਂ ਤੋਂ ਵੱਖ ਹੋਏ ਬੱਚਿਆਂ ਦੀ ਮਦਦ ਕਰਨ 'ਚ ਵੀ RPF ਦੀ ਵੱਡੀ ਭੂਮਿਕਾ ਹੈ। ਇਸ ਦੇ ਲਈ 'ਨੰਨ੍ਹੇ ਫਰਿਸ਼ਤੇ' ਮੁਹਿੰਮ ਚਲਾਈ ਜਾ ਰਹੀ ਹੈ।