ਸੋਨੀਆ-ਰਾਹੁਲ ਦੀ ਮੌਜੂਦਗੀ ’ਚ ਮੱਲਿਕਾਰਜੁਨ ਖੜਗੇ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ
Wednesday, Oct 26, 2022 - 11:32 AM (IST)
ਨਵੀਂ ਦਿੱਲੀ- ਕਾਂਗਰਸ ਦੇ ਨਵੇਂ ਚੁਣੇ ਗਏ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਬੁੱਧਵਾਰ ਨੂੰ ਰਸਮੀ ਤੌਰ ’ਤੇ ਚੋਣ ਪੱਤਰ ਸੌਂਪਿਆ ਗਿਆ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ। ਪਾਰਟੀ ਦੇ ਕੇਂਦਰੀ ਚੋਣ ਅਥਾਰਿਟੀ ਦੇ ਮੁਖੀ ਮਧੂਸੂਦਨ ਮਿਸਤਰੀ ਨੇ ਖੜਗੇ ਨੂੰ ਚੋਣ ਪੱਤਰ ਸੌਂਪਿਆ। ਇਸ ਮੌਕੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇ. ਸੀ. ਵੇਣੁਗੋਪਾਲ, ਕੇਂਦਰੀ ਚੋਣ ਅਧਿਕਾਰੀ ਦੇ ਮੈਂਬਰ ਰਾਜੇਸ਼ ਮਿਸ਼ਰਾ, ਅਰਵਿੰਦਰ ਸਿੰਘ ਲਵਲੀ ਅਤੇ ਜੋਤੀ ਮਣੀ ਵੀ ਮੰਚ ’ਤੇ ਮੌਜੂਦ ਰਹੇ।
ਇਹ ਵੀ ਪੜ੍ਹੋ- ਮੱਲਿਕਾਰਜੁਨ ਖੜਗੇ ਅੱਜ ਸੰਭਾਲਣਗੇ ਕਾਂਗਰਸ ਪ੍ਰਧਾਨ ਦਾ ਅਹੁਦਾ, ਸਾਹਮਣੇ ਹੈ ਚੁਣੌਤੀਆਂ ਦਾ ਪਹਾੜ
ਇਨ੍ਹਾਂ ਤੋਂ ਇਲਾਵਾ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਕਾਂਗਰਸ ਕਾਰਜ ਕਮੇਟੀ ਦੇ ਮੈਂਬਰ, ਪ੍ਰਦੇਸ਼ ਕਾਂਗਰਸ ਕਮੇਟੀਆਂ ਦੇ ਪ੍ਰਧਾਨ ਅਤੇ ਪਾਰਟੀ ਦੇ ਕਈ ਹੋਰ ਅਹੁਦਾ ਅਧਿਕਾਰੀ ਪ੍ਰੋਗਰਾਮ ’ਚ ਹਾਜ਼ਰ ਰਹੇ।
ਦੱਸਣਯੋਗ ਹੈ ਕਿ ਅਹੁਦਾ ਸੰਭਾਲਣ ਮਗਰੋਂ ਖੜਗੇ ਦੇ ਸਾਹਮਣੇ ਇਕ ਪਾਸੇ ਰਾਜਸਥਾਨ ਦਾ ਸਿਆਸੀ ਸੰਕਟ ਚੁਣੌਤੀ ਬਣ ਕੇ ਖੜ੍ਹਾ ਹੈ ਤਾਂ ਅਗਲੇ ਕੁਝ ਹਫ਼ਤਿਆਂ ’ਚ ਹੋਣ ਜਾ ਰਹੀਆਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵੀ ਵੱਡੀ ਚੁਣੌਤੀ ਹੈ। ਉੱਥੇ ਹੀ 2024 ਦੀਆਂ ਲੋਕ ਸਭਾ ਚੋਣਾਂ ਉਨ੍ਹਾਂ ਲਈ ਸਭ ਤੋਂ ਵੱਡੀ ਅੱਗਨੀ ਪ੍ਰੀਖਿਆ ਹੋਵੇਗੀ। ਅਨੁਸੂਚਿਤ ਜਾਤੀ ਨਾਲ ਸਬੰਧ ਰੱਖਣ ਵਾਲੇ 80 ਸਾਲਾ ਖੜਗੇ ਨੇ 17 ਅਕਤੂਬਰ ਨੂੰ ਹੋਈਆਂ ਇਤਿਹਾਸਕ ਚੋਣਾਂ ’ਚ ਆਪਣੇ ਵਿਰੋਧੀ ਮੁਕਾਬਲੇਬਾਜ਼ ਸ਼ਸ਼ੀ ਥਰੂਰ ਨੂੰ ਮਾਤ ਦਿੱਤੀ ਸੀ। ਪਾਰਟੀ ਦੇ 137 ਸਾਲ ਦੇ ਇਤਿਹਾਸ ’ਚ 6ਵੀਂ ਵਾਰ ਪ੍ਰਧਾਨ ਅਹੁਦੇ ਲਈ ਚੋਣਾਂ ਹੋਈਆਂ ਸਨ।
ਇਹ ਵੀ ਪੜ੍ਹੋ- ਥਰੂਰ ਨੂੰ ਪਛਾੜ ਮਲਿਕਾਰਜੁਨ ਖੜਗੇ ਬਣੇ ਕਾਂਗਰਸ ਦੇ ਨਵੇਂ ਪ੍ਰਧਾਨ, ਮਿਲੀਆਂ 7 ਹਜ਼ਾਰ ਤੋਂ ਵੱਧ ਵੋਟਾਂ