ਕਾਂਗਰਸ ਲਈ ‘ਖੁਸ਼ਕਿਸਮਤ’ ਕਮਾਂਡਰ ਸਾਬਤ ਹੋਏ ਖੜਗੇ

Saturday, May 20, 2023 - 04:26 PM (IST)

ਕਾਂਗਰਸ ਲਈ ‘ਖੁਸ਼ਕਿਸਮਤ’ ਕਮਾਂਡਰ ਸਾਬਤ ਹੋਏ ਖੜਗੇ

ਨਵੀਂ ਦਿੱਲੀ- ਜਿਵੇਂ ਹੀ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋਏ ਤਿੰਨੋਂ ਗਾਂਧੀ (ਸੋਨੀਆ, ਰਾਹੁਲ ਅਤੇ ਪ੍ਰਿਯੰਕਾ) ਟੀ. ਵੀ. ਨਾਲ ਚਿਪਕ ਗਏ। ਉਨ੍ਹਾਂ ਆਰਾਮ ਦੇ ਪਲਾਂ ’ਚ ਸੋਨੀਆ ਗਾਂਧੀ ਨੇ 80 ਸਾਲਾ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ 36 ਰੈਲੀਆਂ ਨੂੰ ਸੰਬੋਧਨ ਕੀਤਾ। ਜੇ 10- ਜਨਪਥ ਦੇ ਅੰਦਰੂਨੀ ਸੂਤਰਾਂ ਦੀ ਮੰਨੀਏ ਤਾਂ ਪ੍ਰਿਯੰਕਾ ਨੇ ਆਪਣੀ ਮਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਚੁਣਿਆ ਗਿਆ ਕਮਾਂਡਰ ‘ਖੁਸ਼ਕਿਸਮਤ’ ਰਿਹਾ ਹੈ।

ਪ੍ਰਿਯੰਕਾ ਸਹੀ ਹੈ ਕਿਉਂਕਿ ਖੜਗੇ ਨੇ ਕਾਂਗਰਸ ਪ੍ਰਧਾਨ ਦੇ ਰੂਪ ’ਚ ਕਮਾਨ ਸੰਭਾਲਣ ਦੇ 8 ਮਹੀਨਿਆਂ ਦੇ ਵਕਫੇ ’ਚ ਇਕ ਤੋਂ ਬਾਅਦ ਇਕ 2 ਸੂਬੇ ਜਿੱਤੇ ਹਨ। ਖੜਗੇ ਨੇ 26 ਅਕਤੂਬਰ ਨੂੰ ਕਾਰਜਭਾਰ ਸੰਭਾਲਿਆ ਅਤੇ ਹਿਮਾਚਲ ਪ੍ਰਦੇਸ਼ ਕਾਗਰਸ ਦੀ ਝੋਲੀ ’ਚ ਪਾਇਆ। ਲੰਮੇ ਸੋਕੇ ਤੋਂ ਬਾਅਦ 8 ਦਸੰਬਰ 2022 ਨੂੰ ਕਾਂਗਰਸ ਦੀ ਇਹ ਪਹਿਲੀ ਜਿੱਤ ਸੀ। 5 ਮਹੀਨਿਆਂ ਬਾਅਦ 13 ਮਈ 2023 ਨੂੰ ਖੜਗੇ ਨੇ ਗਾਂਧੀ ਪਰਿਵਾਰ ਨੂੰ ਕਰਨਾਟਕ ਵਰਗਾ ਵੱਡਾ ਸੂਬਾ ਸੌਂਪ ਦਿੱਤਾ। ਕਰਨਾਟਕ ਖੜਗੇ ਲਈ ਲਈ ਅਗਨੀ ਪ੍ਰੀਖਿਆ ਸੀ ਕਿਉਂਕਿ ਇਹ ਉਨ੍ਹਾਂ ਦਾ ਗ੍ਰਹਿ ਸੂਬਾ ਹੈ।

ਦੂਜਾ ਉਹ 2019 ਦੀਆਂ ਲੋਕ ਸਭਾ ਚੋਣਾਂ ’ਚ ਆਪਣੀ ਹਾਰ ਪਚਾ ਨਹੀਂ ਪਾ ਰਹੇ ਸਨ ਅਤੇ ਵਿਧਾਨ ਸਭਾ ਚੋਣਾਂ ਨੇ ਉਨ੍ਹਾਂ ਨੂੰ ਰਾਸ਼ਟਰੀ ਪੱਧਰ ’ਤੇ ਆਪਣੀ ਪਛਾਣ ਬਣਾਉਣ ਦਾ ਇਕ ਮੌਕਾ ਦਿੱਤਾ। ਉਹ ਵੱਖ-ਵੱਖ ਧੜਿਆਂ ਨੂੰ ਇਕੱਠਾ ਕਰਨ ਲਈ ਸਖਤ ਮਿਹਨਤ ਕਰ ਰਹੇ ਸਨ ਅਤੇ ਕੁਝ ਸਖਤ ਫੈਸਲੇ ਵੀ ਲਏ। ਭਾਜਪਾ ਲੀਡਰਸ਼ਿਪ ਨੂੰ ਦੇਰ ਨਾਲ ਪਤਾ ਲੱਗਾ ਕਿ ਖੜਗੇ ਸੂਬੇ ’ਚ ਦਲਿਤਾਂ ਤੇ ਮੁਸਲਮਾਨਾਂ ਨੂੰ ਨਾਲ ਲਿਆਉਣ ’ਚ ਇਕ ਕਾਰਕ ਬਣ ਸਕਦੇ ਹਨ। ਇਹ ਭਾਜਪਾ ਲਈ ਖਤਰਨਾਕ ਸਾਬਿਤ ਹੋਇਆ, ਕਿਉਂਕਿ ਸਿੱਧਰਮੱਈਆ ਦੇ ਕਾਰਨ ਪੱਛੜੇ ਤੇ ਡੀ. ਕੇ. ਸ਼ਿਵਕੁਮਾਰ ਦੇ ਕਾਰਨ ਵੋਕਾਲਿਗਾ ਕਾਂਗਰਸ ਨਾਲ ਜੁੜ ਗਏ। ਸ਼ਿਵਕੁਮਾਰ ਨੇ 3 ਦਹਾਕਿਆਂ ’ਚ ਦੇਵੇਗੌੜਾ ਦਾ ਗੜ੍ਹ ਢਾਹੁਣ ’ਚ ਸਫਲਤਾ ਹਾਸਲ ਕੀਤੀ। ਖੜਗੇ ਭਾਜਪਾ ਲਈ ਪ੍ਰੇਸ਼ਾਨੀ ਬਣ ਸਕਦੇ ਹਨ ਕਿਉਂਕਿ ਉਹ ਇਕ ਨਵੇਂ ਦਲਿਤ ਨੇਤਾ ਦੇ ਰੂਪ ’ਚ ਉਭਰੇ ਹਨ।

ਕਾਂਗਰਸ ਵੱਡੀ ਗਿਣਤੀ ’ਚ ਦਲਿਤਾਂ ਤੇ ਮੁਸਲਮਾਨਾਂ ਨੂੰ ਵਾਪਸ ਆਪਣੇ ਪੱਖ ’ਚ ਲਿਆਉਣ ਦੀ ਉਮੀਦ ਕਰ ਸਕਦੀ ਹੈ, ਜੋ ਪਿਛਲੇ 30-35 ਸਾਲਾਂ ਦੌਰਾਨ ਹੋਰ ਪਾਰਟੀਆਂ ’ਚ ਚਲੇ ਗਏ ਸਨ।


author

Rakesh

Content Editor

Related News