ਕਾਂਗਰਸ ਪ੍ਰਧਾਨ ਖੜਗੇ ਨੇ ਸ਼੍ਰੀਨਗਰ ਧਮਾਕੇ ''ਤੇ ਜਤਾਇਆ ਦੁੱਖ ! ''ਸਿਸਟਮ'' ਨੂੰ ਮਜ਼ਬੂਤ ਕਰਨ ਦੀ ਉਠਾਈ ਮੰਗ
Saturday, Nov 15, 2025 - 01:39 PM (IST)
ਨੈਸ਼ਨਲ ਡੈਸਕ- ਜੰਮੂ-ਕਸ਼ਮੀਰ ਦੇ ਨੌਗਾਮ ਇਲਾਕੇ ਵਿੱਚ ਸਥਿਤ ਪੁਲਸ ਥਾਣੇ ਵਿੱਚ ਸ਼ੁੱਕਰਵਾਰ ਰਾਤ ਨੂੰ ਇੱਕ ਭਿਆਨਕ ਹਾਦਸਾ ਵਾਪਰਿਆ, ਜਿੱਥੇ ਅਚਾਨਕ ਹੋਏ ਇਕ ਧਮਾਕੇ ਕਾਰਨ 9 ਲੋਕਾਂ ਦੀ ਮੌਤ ਹੋ ਗਈ, ਜਦਕਿ 32 ਲੋਕ ਜ਼ਖਮੀ ਹੋ ਗਏ।
ਜੰਮੂ-ਕਸ਼ਮੀਰ ਦੇ ਪੁਲਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਨਲਿਨ ਪ੍ਰਭਾਤ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਹ ਇੱਕ ਹਾਦਸਾ ਸੀ, ਨਾ ਕਿ ਕੋਈ ਸਾਜ਼ਿਸ਼। ਡੀ.ਜੀ.ਪੀ. ਨੇ ਸਪੱਸ਼ਟ ਕੀਤਾ ਕਿ ਵਿਸਫੋਟ ਉਸ ਸਮੇਂ ਹੋਇਆ ਜਦੋਂ ਇੱਕ ਵਿਸ਼ੇਸ਼ ਟੀਮ ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਤੋਂ ਜ਼ਬਤ ਕੀਤੇ ਗਏ ਵਿਸਫੋਟਕਾਂ 'ਚੋਂ ਸੈਂਪਲ ਕੱਢ ਰਹੀ ਸੀ। ਇਹ ਵਿਸਫੋਟਕ ਸਮੱਗਰੀ ਇੱਕ ਚੱਲ ਰਹੀ ਅੱਤਵਾਦੀ ਮਾਡਿਊਲ ਦੀ ਜਾਂਚ ਦੇ ਸਬੰਧ ਵਿੱਚ ਜ਼ਬਤ ਕੀਤੀ ਗਈ ਸੀ।
ਇਸ ਦੁਖਦਾਈ ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਸ ਨੂੰ "ਬੇਹੱਦ ਚਿੰਤਾਜਨਕ ਅਤੇ ਦੁਖਦਾਈ" ਦੱਸਿਆ ਹੈ। ਉਨ੍ਹਾਂ ਨੇ ਜਾਨੀ ਨੁਕਸਾਨ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਮ੍ਰਿਤਕਾਂ ਦੇ ਵਾਰਸਾਂ ਨੂੰ ਢੁਕਵਾਂ ਮੁਆਵਜ਼ਾ ਅਤੇ ਜ਼ਖਮੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਦੀ ਮੰਗ ਕੀਤੀ।
ਖੜਗੇ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਇਸ ਘਟਨਾ ਨੂੰ ਇੱਕ ਚਿਤਾਵਨੀ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਦਿੱਲੀ ਵਿੱਚ ਲਾਲ ਕਿਲ੍ਹੇ ਨੇੜੇ ਹੋਏ ਕਾਰ ਬੰਬ ਅੱਤਵਾਦੀ ਹਮਲੇ ਤੋਂ ਕੁਝ ਹੀ ਦਿਨਾਂ ਬਾਅਦ ਵਾਪਰੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣੇ ਖੁਫੀਆ ਅਤੇ ਅੱਤਵਾਦ ਵਿਰੋਧੀ ਤੰਤਰ ਨੂੰ ਤੁਰੰਤ ਮਜ਼ਬੂਤ ਕਰਨ ਦੀ ਲੋੜ ਹੈ ਅਤੇ ਉਹ ਜਵਾਬਦੇਹੀ ਤੋਂ ਭੱਜ ਨਹੀਂ ਸਕਦੀ।
ਉਨ੍ਹਾਂ ਨੇ X 'ਤੇ ਇੱਕ ਪੋਸਟ ਰਾਹੀਂ ਇਹ ਵੀ ਮੰਗ ਕੀਤੀ ਕਿ ਬਾਹਰੀ ਤਾਕਤਾਂ ਤੋਂ ਸਹਾਇਤਾ ਪ੍ਰਾਪਤ ਅੱਤਵਾਦ ਦੇ ਵਧ ਰਹੇ ਖ਼ਤਰੇ ਬਾਰੇ ਚਰਚਾ ਕਰਨ ਲਈ ਤੁਰੰਤ ਸਰਬ-ਪਾਰਟੀ ਮੀਟਿੰਗ ਬੁਲਾਈ ਜਾਵੇ। ਕਾਂਗਰਸ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਰਾਸ਼ਟਰੀ ਕਾਂਗਰਸ ਅੱਤਵਾਦ ਦੀ ਇਸ ਬੁਰਾਈ ਦੇ ਵਿਰੁੱਧ ਰਾਸ਼ਟਰ ਦੇ ਨਾਲ ਖੜ੍ਹੀ ਹੈ।

