3 ਖਾਲਿਸਤਾਨੀ ਸਮਰਥਕਾਂ ਦੀ ਹਵਾਲਗੀ ਦੇ ਵਿਰੋਧ ’ਚ ਉਤਰੇ ਖਾਲਸਾਏਡ ਸੰਸਥਾਪਕ

09/22/2021 12:01:30 PM

ਨਵੀਂ ਦਿੱਲੀ (ਸੋਮਨਾਥ)– ਖਾਲਸਾਏਡ ਦੇ ਸੰਸਥਾਪਕ ਰਵੀ ਸਿੰਘ ਨੇ ਸੰਘ ਨੇਤਾ ਰੁਲਦਾ ਸਿੰਘ ਦੀ ਹੱਤਿਆ ਦੇ ਮਾਮਲੇ ’ਚ ਖਾਲਿਸਤਾਨ ਸਮਰਥਕਾਂ ਦੀ ਬ੍ਰਿਟੇਨ ਤੋਂ ਭਾਰਤ ਹਵਾਲਗੀ ਦੀ ਪ੍ਰਕਿਰਿਆ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੱਸਿਆ ਹੈ ਅਤੇ ਕਿਹਾ ਹੈ ਕਿ ਹੱਤਿਆ ਦੇ ਮੁਲਜ਼ਮਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਵੀ ਸਿੰਘ ਨੇ ਕਿਹਾ ਕਿ ਜੇ ਇਨ੍ਹਾਂ 3 ਬ੍ਰਿਟਿਸ਼ ਸਿੱਖਾਂ ਦੀ ਭਾਰਤ ’ਚ ਹਵਾਲਗੀ ਕੀਤੀ ਗਈ ਜਿੱਥੇ ਤਸੀਹੇ ਅਤੇ ਮੌਤ ਦੀ ਸਜ਼ਾ ਉਨ੍ਹਾਂ ਦੀ ਉਡੀਕ ਕਰ ਰਹੀ ਹੈ ਤਾਂ ਇਹ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੋਵੇਗੀ। ਉਸ ਨੇ ਕਿਹਾ ਕਿ ਇਹ ਸਿਆਸਤ ਤੋਂ ਪ੍ਰੇਰਿਤ ਮਾਮਲਾ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਦੇ ਖ਼ਿਲਾਫ਼ ਖੜ੍ਹਾ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਯੋਗੀ ਦਾ ‘ਪ੍ਰਮੋਸ਼ਨ’ ਕਰ ਕੇ ਬਣਾਇਆ ਜਾਵੇ ਪ੍ਰਧਾਨ ਮੰਤਰੀ : ਰਾਕੇਸ਼ ਟਿਕੈਤ

ਵਰਣਨਯੋਗ ਹੈ ਕਿ ਬੀਤੇ ਸਾਲ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਭਾਰਤ ਯਾਤਰਾ ਤੋਂ ਪਹਿਲਾਂ ਬ੍ਰਿਟੇਨ ਦੀ ਵੈਸਟ ਮਿਡਲੈਂਡਸ ਪੁਲਸ ਨੇ ਰੁਲਦਾ ਸਿੰਘ ਦੀ ਹੱਤਿਆ ਦੇ ਮਾਮਲੇ ’ਚ 3 ਬ੍ਰਿਟਿਸ਼ ਸਿੱਖਾਂ ਗੁਰਸ਼ਰਨਬੀਰ ਸਿੰਘ ਵਾਹੀਵਾਲ (37) ਤੇ ਉਸ ਦੇ ਭਰਾ ਅੰਮ੍ਰਿਤਬੀਰ ਸਿੰਘ ਵਾਹੀਵਾਲ (40) ਨੂੰ ਕਾਵੈਂਟ੍ਰੀ ਅਤੇ ਪਿਆਰਾ ਸਿੰਘ ਗਿੱਲ (38) ਨੂੰ ਵਾਲਵਰਹੈਂਪਟਨ ਤੋਂ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ ਬਾਅਦ ’ਚ ਉਨ੍ਹਾਂ ਨੂੰ ਸ਼ਰਤ ਸਮੇਤ ਜ਼ਮਾਨਤ ਦੇ ਦਿੱਤੀ ਗਈ ਸੀ। ਇਹ ਗ੍ਰਿਫ਼ਤਾਰੀਆਂ ਵੈਸਟਮਿੰਸਟਰ ਮੈਜਿਸਟ੍ਰੇਟ ਕੋਰਟ ਤੋਂ ਹਵਾਲਗੀ ਵਾਰੰਟ ਜਾਰੀ ਹੋਣ ਤੋਂ ਬਾਅਦ ਹੋਈਆਂ ਸਨ।

ਦੱਸਣਯੋਗ ਹੈ ਕਿ ਗੁਰਸ਼ਰਨਬੀਰ, ਜਗਤਾਰ ਸਿੰਘ ਜੋਹਾਲ ਦਾ ਰਿਸ਼ਤੇਦਾਰ ਹੈ, ਜੋ ਆਰ. ਐੱਸ. ਐੱਸ. ਦੇ ਕਈ ਨੇਤਾਵਾਂ ਦੀ ਹੱਤਿਆ ਦੇ ਦੋਸ਼ ਵਿਚ ਜੇਲ ਵਿਚ ਹੈ। ਗੁਰਸ਼ਰਨ ਤੇ ਉਸ ਦਾ ਭਰਾ ਜਗਤਾਰ ਸਿੰਘ ਦੀ ਆਜ਼ਾਦੀ ਲਈ ਮੁਹਿੰਮ ਚਲਾ ਚੁੁੱਕੇ ਹਨ। ਪੰਜਾਬ ਪੁਲਸ ਤੇ ਐੱਨ. ਆਈ. ਏ. ਨੂੰ ਪੰਜਾਬ ਵਿਚ ਕਈ ਹੱਤਿਆਵਾਂ ਦੇ ਮਾਮਲੇ ’ਚ ਗੁਰਸ਼ਰਨਬੀਰ ਸਿੰਘ ਦੀ ਭਾਲ ਹੈ। ਗੁਰਸ਼ਰਨਬੀਰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੈਂਬਰ ਵੀ ਦੱਸਿਆ ਜਾਂਦਾ ਹੈ।

ਇਹ ਵੀ ਪੜ੍ਹੋ : ਊਧਮਪੁਰ ਹੈਲੀਕਾਪਟਰ ਹਾਦਸੇ ’ਚ ਗੰਭੀਰ ਰੂਪ ਨਾਲ ਜ਼ਖਮੀ ਦੋਵੇਂ ਪਾਇਲਟਾਂ ਦੀ ਹੋਈ ਮੌਤ

ਕੀ ਹੈ ਸਾਰਾ ਮਾਮਲਾ
29 ਜੁਲਾਈ, 2009 ਦੀ ਰਾਤ ਨੂੰ 2 ਹਥਿਆਰਬੰਦ ਨੌਜਵਾਨਾਂ ਨੇ ਰੁਲਦਾ ਸਿੰਘ (ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ) ਨੂੰ ਸਰਹਿੰਦ ਰੋਡ ’ਤੇ ਸਥਿਤ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਸੀ। 30 ਜੁਲਾਈ ਨੂੰ ਸਵੇਰੇ ਉਨ੍ਹਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ, ਜਿੱਥੇ ਲਗਾਤਾਰ 16 ਦਿਨ ਇਲਾਜ ਅਧੀਨ ਰਹਿਣ ਪਿੱਛੋਂ 16 ਅਗਸਤ, 2009 ਨੂੰ ਉਨ੍ਹਾਂ ਦਮ ਤੋੜ ਦਿੱਤਾ। ਫਰਵਰੀ 2015 ਵਿਚ ਪਟਿਆਲਾ ਦੀ ਇਕ ਅਦਾਲਤ ਨੇ ਗੁਰਸ਼ਰਨਬੀਰ ਨੂੰ ਮਾਮਲੇ ਵਿਚ ਮੁਲਜ਼ਮ ਐਲਾਨਿਆ ਸੀ। ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਜਾਂਚ ਅਨੁਸਾਰ 2016-17 ਵਿਚ ਪੰਜਾਬ ’ਚ ਹੱਤਿਆਵਾਂ ਦੇ ਮਾਮਲੇ ’ਚ ਗੁਰਸ਼ਰਨਬੀਰ ਵੀ ਮੁੱਖ ਸਾਜ਼ਿਸ਼ਕਰਤਾਵਾਂ ਵਿਚੋਂ ਇਕ ਹੈ, ਜਿਨ੍ਹਾਂ ਵਿਚ ਬ੍ਰਿਗੇਡੀਅਰ ਜਗਦੀਸ਼ ਗਗਨੇਜਾ (ਸੇਵਾਮੁਕਤ) ਦੀ ਹੱਤਿਆ ਵੀ ਸ਼ਾਮਲ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News